ਕੋਲਕਾਤਾ,  ਰਿਆਨ ਬ੍ਰੇਵਸਟਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਕੋਲਕਾਤਾ ਵਿੱਚ ਖੇਡੇ ਗਏ ਮੈਚ ਵਿੱਚ ਟੂਰਨਾਮੈਂਟ ਦੀ ਦੂਜੀ ਹੈਟ੍ਰਿਕ ਬਣਾਈ, ਜਿਸ ਨਾਲ ਇੰਗਲੈਂਡ ਨੇ ਖ਼ਿਤਾਬ ਦੇ ਮੁੱਖ ਦਾਅਵੇਦਾਰ ਬ੍ਰਾਜ਼ੀਲ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਫੀਫਾ ਅੰਡਰ-17 ਫੁਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਥਾਂ ਬਣਾਈ। ਉਧਰ ਮੁੰਬਈ ਵਿੱਚ ਖੇਡੇ ਗਏ ਦੂਜੇ ਸੈਮੀ ਫਾਈਨਲ ਵਿੱਚ ਸਪੇਨ ਨੇ ਵੀ ਮਾਲੀ ਨੂੰ 3-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ।
ਕੁਆਰਟਰ ਫਾਈਨਲ ਵਿੱਚ ਹੈਟ੍ਰਿਕ ਬਣਾਉਣ ਵਾਲੇ ਬ੍ਰੇਵਸਟਰ ਨੇ ਕੋਲਕਾਤਾ ਵਿੱਚ 10ਵੇਂ, 39ਵੇਂ ਅਤੇ 77ਵੇਂ ਮਿੰਟ ਵਿੱਚ ਗੋਲ ਕਰ ਕੇ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਬ੍ਰਾਜ਼ੀਲ ਦੇ ਸਮੱਰਥਕਾਂ ਨੂੰ ਨਿਰਾਸ਼ ਕੀਤਾ। ਬ੍ਰਾਜ਼ੀਲ ਵੱਲੋਂ ਇੱਕੋ-ਇੱਕ ਗੋਲ ਵੇਸਲੇ ਨੇ 21ਵੇਂ ਮਿੰਟ ਵਿੱਚ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਇੰਗਲੈਂਡ ਦੀ ਟੀਮ ਅੰਡਰ-17 ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ ਹੈ ਜਦਕਿ ਤਿੰਨ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਦਾ ਸੰਨ 2003 ਤੋਂ ਬਾਅਦ ਪਹਿਲਾ ਖ਼ਿਤਾਬ ਜਿੱਤਣ ਦਾ ਸੁਫ਼ਨਾ ਟੁੱਟ ਗਿਆ ਹੈ। ਇੰਗਲੈਂਡ ਸ਼ਨਿਚਰਵਾਰ ਨੂੰ ਇੱਥੇ ਹੋਣ ਵਾਲੇ ਫਾਈਨਲ ਵਿੱਚ ਸਪੇਨ ਨਾਲ ਭਿੜੇਗਾ। ਅਸਲ ਵਿੱਚ ਇਹ ਮੈਚ ਗੁਹਾਟੀ ਵਿੱਚ ਹੋਣਾ ਸੀ ਪਰ ਐਨ ਆਖ਼ਰੀ ਮੌਕੇ ਕੋਲਕਾਤਾ ਨੂੰ ਇਸ ਦੀ ਮੇਜ਼ਬਾਨੀ ਸੌਂਪੀ ਗਈ ਬਾਵਜੂਦ ਇਸ ਦੇ ਇੱਥੇ 63, 881 ਦਰਸ਼ਕ ਪੁੱਜੇ। ਦਰਸ਼ਕਾਂ ਵੱਲੋਂ ਬ੍ਰਾਜ਼ੀਲ ਨੂੰ ਵੱਡੇ ਪੱਧਰ ’ਤੇ ਸਮੱਰਥਨ ਦਿੱਤਾ ਜਾ ਰਿਹਾ ਸੀ ਪਰ ਇੰਗਲੈਂਡ ਦੀ ਟੀਮ ਤੇ ਉਸ ਦੇ ਘੱਟ ਗਿਣਤੀ ਸਮੱਰਥਕਾਂ ’ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ। ਲਿਵਰਪੂਲ ਦੇ ਸਟ੍ਰਾਈਕਰ ਬ੍ਰੇਵਸਟਰ ਨੇ ਕੈਲਮ ਹਡਸਨ ਦੇ ਕਰਾਸ ’ਤੇ ਰਿਬਾਊਂਡ ’ਤੇ ਗੋਲ ਕਰ ਕੇ ਇੰਗਲੈਂਡ ਨੂੰ ਦਸਵੇਂ ਮਿੰਟ ਵਿੱਚ ਲੀਡ ਦਿਵਾਈ। ਬ੍ਰਾਜ਼ੀਲ ਨੇ ਹਾਲਾਂਕਿ ਵੇਸਲੇ ਦੇ ਗੋਲ ਨਾਲ ਬਰਾਬਰੀ ਕਰ ਕੇ ਮੈਚ ਨੂੰ ਦਿਲਚਸਪ ਬਣਾ ਦਿੱਤਾ।
ਇੰਗਲੈਂਡ ਦੇ ਗੋਲਕੀਪਰ ਕੇ. ਐਂਡਰਸਨ ਨੇ ਪਾਲਿੰਹੋ ਦਾ ਜਾਨਦਾਰ ਸ਼ਾਟ ਤਾਂ ਰੋਕ ਦਿੱਤਾ ਪਰ ਵੇਸਲੇ ਦੇ ਹੱਲੇ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ। ਇਸ ਤੋਂ ਬਾਅਦ ਬ੍ਰੇਵਸਟਰ ਨੇ ਸਟੀਵ ਸੇਸੇਗਨਨ ਦੇ ਕਰਾਸ ’ਤੇ ਗੋਲ ਕਰ ਕੇ ਇੰਗਲੈਂਡ ਨੂੰ ਮੁੜ ਲੀਡ ਦਿਵਾਈ। ਇਹ ਉਸ ਦਾ ਛੇਵਾਂ ਗੋਲ ਸੀ ਜਿਸ ਨਾਲ ਉਹ ਟੂਰਨਾਮੈਂਟ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਵੀ ਬਣ ਗਿਆ। ਹਾਫ ਟਾਈਮ ਤੱਕ ਯੂਰੋਪੀ ਟੀਮ 2-1 ਨਾਲ ਅੱਗੇ ਰਹੀ। ਬ੍ਰਾਜ਼ੀਲ ਵੱਲੋਂ ਬਰਾਬਰੀ ਦਾ ਗੋਲ ਕਰਨ ਦੀ ਕਾਹਲੀ ਉਸ ਲਈ ਮਹਿੰਗੀ ਸਾਬਤ ਹੋਈ ਤੇ ਉਸ ਦੀ ਰੱਖਿਆ ਲਾਈਨ ਕਮਜ਼ੋਰ ਹੋ ਗਈ। ਬ੍ਰੇਵਸਟਰ ਨੇ ਇਸ ਦਾ ਲਾਹਾ ਲੈਂਦਿਆਂ ਤੀਜਾ ਗੋਲ ਕਰ ਦਿੱਤਾ ਤੇ ਮੈਚ ਇੰਗਲੈਂਡ ਦੇ ਨਾਂ ਹੋ ਗਿਆ।