ਕੋਚੀ/ਗੋਆ, 11 ਅਕਤੂਬਰ
ਫੁਟਬਾਲ ਵਿਸ਼ਵ ਕੱਪ ਦੇ ਗੋਆ ਤੇ ਕੋਚੀ ਵਿੱਚ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਇਰਾਨ ਨੇ ਵੱਡਾ ਉਲਟਫੇਰ ਕਰਦਿਆਂ ਜਰਮਨੀ ਨੂੰ ਮਾਤ ਦਿੱਤੀ। ਇਸੇ ਦੌਰਾਨ ਸਪੇਨ ਨੇ ਨਾਈਜਰ ਅਤੇ ਬ੍ਰਾਜ਼ੀਲ ਨੇ ਕੋਰੀਆ ਨੂੰ ਹਰਾਇਆ। ਗਿਨੀ ਤੇ ਕੋਸਟਾ ਰੀਕਾ ਦਾ ਮੁਕਾਬਲਾ ਬਰਾਬਰ ਰਿਹਾ।
ਕੋਚੀ ਵਿੱਚ ਏਬਲ ਰੂਈਜ਼ ਦੇ ਦੋ ਸ਼ਾਨਦਾਰ ਗੋਲਾਂ ਸਦਕਾ ਸਪੇਨ ਨੇ ਪਹਿਲੀ ਵਾਰ ਖੇਡ ਰਹੀ ਨਾਈਜਰ ਦੀ ਟੀਮ ਨੂੰ 4-0 ਨਾਲ ਹਰਾ ਕੇ ਅੰਡਰ-17 ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਦੇ ਪਲੇਔਫ ਵਿੱਚ ਥਾਂ ਬਣਾਉਣ ਦੀਆਂ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹਨ। ਸਪੇਨ ਨੂੰ ਆਪਣੇ ਪਹਿਲੇ ਮੈਚ ਵਿੱਚ ਤਿੰਨ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ ਨਾਈਜਰ ਨੇ ਉੱਤਰ ਕੋਰੀਆ ਨੂੰ 1-0 ਨਾਲ ਹਰਾ ਕੇ ਹੈਰਾਨ ਕਰ ਦਿੱਤਾ ਸੀ ਪਰ ਗਰੁੱਪ ਡੀ ਦੇ ਇਸ ਮੁਕਾਬਲੇ ਵਿੱਚ ਸਪੇਨ ਨੇ ਨਾਈਜਰ ਨੂੰ ਦੂਜਾ ਉਲਟਫੇਰ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਪੂਰੇ ਮੈਚ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ। ਇਸ ਜਿੱਤ ਨਾਲ ਸਪੇਨ ਦੇ ਦੋ ਮੈਚਾਂ ਵਿੱਚ ਤਿੰਨ ਅੰਕ ਹੋ ਗਏ ਹਨ। ਨਾਈਜਰ ਦੇ ਖਾਤੇ ਵਿੱਚ ਵੀ ਦੋ ਅੰਕ ਹਨ ਪਰ ਉਹ ਗੋਲ ਔਸਤ ਕਾਰਨ ਪੱਛੜ ਕੇ ਗਰੁੱਪ ਵਿੱਚ ਤੀਜੇ ਸਥਾਨ ’ਤੇ ਹੈ। ਸਪੇਨ ਨੇ ਮੈਚ ਦੇ ਸ਼ੁਰੂ ਵਿੱਚ ਦਬਦਬਾ ਬਣਾਇਆ ਅਤੇ 21ਵੇਂ ਮਿੰਟ ਵਿੱਚ ਰੂਈਜ਼ ਦੇ ਗੋਲ ਨਾਲ ਲੀਡ ਲੈ ਲਈ। ਰੂਈਜ਼ ਨੇ 41ਵੇਂ ਮਿੰਟ ਵਿੱਚ ਆਪਣਾ ਅਤੇ ਟੀਮ ਦਾ ਦੂਜਾ ਗੋਲ ਕੀਤਾ। ਸੀਜ਼ਰ ਗਿਲਬਰਟ ਨੇ ਪਹਿਲੇ ਹਾਫ਼ ਦੇ ਇੰਜਰੀ ਟਾਈਮ ਵਿੱਚ ਸਪੇਨ ਲਈ ਤੀਜਾ ਗੋਲ ਕਰ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ। ਦੂਜੇ ਹਾਫ਼ ਵਿੱਚ ਸਪੇਨ ਨੇ ਆਰਾਮ ਨਾਲ ਖੇਡਦਿਆਂ ਮੈਚ ਜਿੱਤ ਲਿਆ। ਟੀਮ ਲਈ ਚੌਥਾ ਗੋਲ ਸਰਜਿਓ ਗੋਮਜ਼ ਨੇ 82ਵੇਂ ਮਿੰਟ ਵਿੱਚ ਕੀਤਾ। ਸਪੇਨ ਦਾ ਆਖਰੀ ਗਰੁੱਪ ਮੁਕਾਬਲਾ 13 ਅਕਤੂਬਰ ਨੂੰ ਉੱਤਰ ਕੋਰੀਆ ਨਾਲ ਹੋਵੇਗਾ ਜਦਕਿ ਇਸੇ ਦਿਨ ਨਾਈਜਰ ਦਾ ਮੁਕਾਬਲਾ ਮਜ਼ਬੂਤ ਟੀਮ ਬ੍ਰਾਜ਼ੀਲ ਨਾਲ ਹੋਵੇਗਾ।
ਦੂਜੇ ਬੰਨੇ ਗੋਆ ਵਿੱਚ ਗਿਨੀ ਨੇ 81ਵੇਂ ਮਿੰਟ ਵਿੱਚ ਗੋਲ ਕਰ ਕੇ ਕੋਸਟਾ ਰੀਕਾ ਨੂੰ 2-2 ਦੇ ਡਰਾਅ ’ਤੇ ਰੋਕ ਕੇ ਫੀਫਾ ਅੰਡਰ 17 ਵਿਸ਼ਵ ਕੱਪ ਫੁਟਬਾਲ ਟੂੁਰਨਾਮੈਂਟ ਵਿੱਚ ਗਰੁੱਪ ਸੀ ਵਿੱਚ ਇੱਕ ਅੰਕ ਹਾਸਲ ਕਰ ਲਿਆ। ਗਿਨੀ ਤੇ ਕੋਸਟਾ ਰੀਕਾ ਨੂੰ ਆਪਣੇ ਆਪਣੇ ਪਹਿਲੇ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਡਰਾਅ ਨਾਲ ਦੋਵਾਂ ਨੇ ਇੱਕ-ਇੱਕ ਅੰਕ ਹਾਸਲ ਕਰ ਲਿਆ ਹੈ। ਕੋਸਟਾ ਰੀਕਾ ਨੂੰ ਜਰਮਨੀ ਨੇ 2-1 ਅਤੇ ਇਰਾਨ ਨੇ ਗਿਨੀ ਨੂੰ 3-1 ਨਾਲ ਹਰਾਇਆ ਸੀ। ਕੋਸਟਾ ਰੀਕਾ ਨੇ ਮੈਚ ਵਿੱਚ ਗੋਲ ਕਰਨ ਦੀ ਸ਼ੁਰੂਆਤ ਕੀਤੀ। ਏ. ਜਾਰਕਿਨ ਨੇ 26ਵੇਂ ਮਿੰਟ ਵਿੱਚ ਕੋਸਟਾ ਰੀਕਾ ਨੂੰ ਲੀਡ ਦਿਵਾਈ ਪਰ ਚਾਰ ਮਿੰਟ ਬਾਅਦ ਹੀ ਫਨਦਰਜੇ ਤੂਰ ਨੇ ਗਿਨੀ ਨੂੰ ਕੋਸਟਾ ਰੀਕਾ ਦੇ ਬਰਾਬਰ ਕਰ ਦਿੱਤਾ। ਪਹਿਲੇ ਹਾਫ਼ ਵਿੱਚ 1-1 ਨਾਲ ਬਰਾਬਰੀ ਤੋਂ ਬਾਅਦ ਕੋਸਟਾ ਰੀਕਾ ਨੇ ਦੂਜੇ ਹਾਫ਼ ਵਿੱਚ ਲੀਡ ਲਈ। ਆਂਦਰੇਜ਼ ਗੋਮਜ਼ ਨੇ ਕੋਸਟਾ ਰੀਕਾ ਨੂੰ 67ਵੇਂ ਮਿੰਟ ਵਿੱਚ 2-1 ਨਾਲ ਇਹ ਲੀਡ ਦਿਵਾਈ। ਕੋਸਟਾ ਰੀਕਾ ਦੀ ਲੀਡ 81ਵੇਂ ਮਿੰਟ ਤੱਕ ਕਾਇਮ ਸੀ ਪਰ ਇਬਰਾਹਿਮ ਸੌਮਾ ਨੇ ਗਿਨੀ ਲਈ ਇਸੇ ਮਿੰਟ ਵਿੱਚ ਬਰਾਬਰੀ ਦਾ ਗੋਲ ਕਰ ਕੇ ਕੋਸਟਾ ਰੀਕਾ ਦੀਆਂ ਤਿੰਨ ਅੰਕ ਹਾਸਲ ਕਰਨ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। ਕੋਸਟਾ ਰੀਕਾ ਦਾ ਆਖਰੀ ਗਰੁੱਪ ਮੁਕਾਬਲਾ 13 ਅਕਤੂਬਰ ਨੂੰ ਇਰਾਨ ਨਾਲ ਹੋਵੇਗਾ ਜਦਕਿ ਉਸੇ ਦਿਨ ਗਿਨੀ ਦੀ ਟੀਮ ਜਰਮਨੀ ਨਾਲ ਭਿੜੇਗੀ।
ਇਸ ਤੋਂ ਇਲਾਵਾ ਗੋਆ ਵਿੱਚ ਇਰਾਨ ਨੇ ਜਰਮਨੀ ਨੂੰ 4-0 ਨਾਲ ਹਰਾ ਕੇ ਸਭ ਨੂੰ ਹੈਰਾਨ  ਕਰ ਦਿੱਤਾ। ਇਰਾਨ ਵੱਲੋਂ ਦੋ ਗੋਲ ਯੂਨਸ ਦਿਲਫੀ ਨੇ ਕੀਤੇ ਅਤੇ ਅੱਲ੍ਹਾਯਾਰ ਸੱਯਾਦ ਤੇ ਵਾਹਿਦ ਨਾਮਦਰੀ ਨੇ ਇੱਕ -ਇੱਕ ਗੋਲ ਦਾ ਯੋਗਦਾਨ ਪਾਇਆ। ਉਧਰ ਕੋਚੀ ਵਿੱਚ ਬ੍ਰਾਜ਼ੀਲ ਨੇ ਕੋਰੀਆ ਨੂੰ 2-0 ਨਾਲ ਮਾਤ ਦਿੱਤੀ।