ਲੁਧਿਆਣਾ, 29 ਨਵੰਬਰ
ਸਨਅਤੀ ਸ਼ਹਿਰ ਦੇ ਸੂਫ਼ੀਆ ਚੌਂਕ ਨੇੜੇ ਅੱਗ ਲੱਗਣ ਮਗਰੋਂ ਹੋਏ ਧਮਾਕੇ ਕਰਕੇ ਢਹਿ ਢੇਰੀ ਹੋਈ ਪੰਜ ਮੰਜ਼ਿਲਾ ਫੈਕਟਰੀ ਬਾਰੇ ਫਾਇਰ ਬ੍ਰਿਗੇਡ ਮਹਿਕਮੇ ਨੇ ਵੱਡਾ ਖੁਲਾਸਾ ਕੀਤਾ ਹੈ। ਮਹਿਕਮੇ ਮੁਤਾਬਕ ਫੈਕਟਰੀ ਮਾਲਕ ਉਨ੍ਹਾਂ ਤੋਂ ਐਨਓਸੀ(ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਲਏ ਬਿਨਾਂ ਹੀ ਫੈਕਟਰੀ ਚਲਾ ਰਿਹਾ ਸੀ। ਫੈਕਟਰੀ ਵਿੱਚ ਅੱਗ ਬੁਝਾਉਣ ਦਾ ਇੱਕ ਵੀ ਸਾਮਾਨ ਨਹੀਂ ਸੀ। ਫੈਕਟਰੀ ਵਿੱਚ ਹਜ਼ਾਰਾਂ ਲਿਟਰ ਪੈਟਰੋਲ ਕੈਮੀਕਲ ਪ੍ਰੋਡਕਟ ਇਸਤੇਮਾਲ ਹੋ ਰਿਹਾ ਸੀ, ਪਰ ਫੈਕਟਰੀ ਮਾਲਕ ਸਾਰੇ ਨੇਮਾਂ ਨੂੰ ਛਿੱਕੇ ਟੰਗ ਆਪਣਾ ਕੰਮ ਚਲਾ ਰਿਹਾ ਸੀ। ਇਹੀ ਨਹੀਂ ਹਾਦਸੇ ਤੋਂ ਬਾਅਦ ਢਹਿ ਢੇਰੀ ਹੋਈ ਇਮਾਰਤ ਦੇ ਨਾਲ ਹੀ ਕਈ ਦਰਜਨ ਅਜਿਹੀਆਂ ਵੱਡੀਆਂ ਫੈਕਟਰੀਆਂ ਹਨ, ਜੋ ਫਾਇਰ ਬ੍ਰਿਗੇਡ ਦੇ ਐਨਓਸੀ ਤੋਂ ਬਿਨਾਂ ਚੱਲ ਰਹੀਆਂ ਹਨ। ਫਾਇਰ ਬ੍ਰਿਗੇਡ ਵਿਭਾਗ ਨੇ ਹਰਕਤ ’ਚ ਆਉਂਦਿਆਂ ਇਨ੍ਹਾਂ ਫ਼ੈਕਟਰੀਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਕੱਸ ਲਈ ਹੈ। ਦਰਅਸਲ ਸੂਫ਼ੀਆ ਚੌਂਕ ਦੇ ਨਾਲ ਸਨਅਤੀ ਖੇਤਰ ਦਾ ਇਲਾਕਾ ਹੈ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਦੋ ਤੋਂ ਲੈ ਕੇ ਪੰਜ-ਛੇ ਮੰਜ਼ਿਲੀ ਵੱਡੀਆਂ ਫ਼ੈਕਟਰੀਆਂ ਹਨ। ਇਨ੍ਹਾਂ ਫੈਕਟਰੀਆਂ ਅੰਦਰ ਫੈਕਟਰੀ ਮਾਲਕਾਂ ਨੇ ਕਰੋੜਾਂ ਰੁਪਏ ਦੀ ਹਾਈਟੈੱਕ ਮਸ਼ੀਨਰੀ ਤਾਂ ਲਾ ਲਈ, ਪਰ ਫਾਇਰ ਬ੍ਰਿਗੇਡ ਵਿਭਾਗ ਕੋਲੋਂ ਐਨਓਸੀ ਲੈਣਾ ਮੁਨਾਸਿਬ ਨਾ ਸਮਝਿਆ। ਕਈ ਫੈਕਟਰੀਆਂ ਦੇ ਹਾਲਾਤ ਅਜਿਹੇ ਹਨ ਕਿ ਫੈਕਟਰੀ ਕੋਲ ਅੱਗ ਬੁਝਾਉਣ ਵਾਲਾ ਸਿਲੰਡਰ ਵੀ ਨਹੀਂ ਹੈ। ਫਾਇਰ ਬ੍ਰਿਗੇਡ ਦੇ ਜ਼ਿਲ੍ਹਾ ਫਾਇਰ ਅਫ਼ਸਰ ਭੁਪਿੰਦਰ ਸਿੰਧੂ ਨੇ ਢਹਿ ਢੇਰੀ ਹੋਈ ਬਿਲਡਿੰਗ ਦੇ ਮਾਲਕ ਵੱਲੋਂ ਮਹਿਕਮੇ ਕੋਲੋਂ ਕੋਈ ਐਨਓਸੀ ਨਾ ਲਏ ਜਾਣ ਦੀ ਪੁਸ਼ਟੀ ਕੀਤੀ ਹੈ।