ਜਲੰਧਰ, 13 ਫਰਵਰੀ
ਇੰਡੀਅਨ ਵਰਕਰਜ਼ ਐਸੋਸੀਏਸ਼ਨ, ਗ੍ਰੇਟ ਬ੍ਰਿਟੇਨ ਦੇ ਜਨਰਲ ਸਕੱਤਰ ਹਰਭਜਨ ਸਿੰਘ ਦਰਦੀ ਤੇ ਇੰਗਲੈਂਡ ਵਿੱਚ ਕਮਿਊਨਿਸਟ ਲਹਿਰ ਦੀ ਮਜ਼ਬੂਤੀ ਲਈ ਕੰਮ ਕਰਨ ਵਾਲੇ ਕਾਮਰੇਡ ਕਰਮ ਸਿੰਘ ਕਿਰਤੀ ਨੂੰ ਅੱਜ ਇੱਥੇ ਇੱਕ ਸਮਾਰੋਹ ਦੌਰਾਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਹਰਭਜਨ ਸਿੰਘ ਦਰਦੀ ਦਾ ਜੀਵਨ ਇਸ ਗੱਲ ਦੀ ਮਿਸਾਲ ਹੈ ਕਿ ਕਮਿਊਨਿਸਟ ਲੋਕ ਹਿੱਤਾਂ ਨੂੰ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਫ਼ਿਰਕੂ-ਫਾਸ਼ੀਵਾਦੀ ਹਮਲੇ ਵਿਰੁੱਧ ਦ੍ਰਿੜ੍ਹ ਮੋਰਚੇ ਦੀ ਲੋੜ ਹੈ। ਪਾਰਟੀ ਦੇ ਸੂਬਾ ਸਕੱਤਰ ਹਰਕੰਵਲ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਹਾਂ ਕਮਿਊਨਿਸਟ ਆਗੂਆਂ ਦਾ ਵਿਛੋੜਾ ਸਮੁੱਚੀ ਕਮਿਊਨਿਸਟ ਲਹਿਰ ਲਈ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਦਰਦੀ ਇੰਗਲੈਂਡ ਵਿੱਚ ਰਹਿ ਕੇ ਵੀ ਆਰਐੱਮਪੀਆਈ ਦੇ ਕੁੱਲਵਕਤੀ ਵਜੋਂ ਕੰਮ ਕਰਦੇ ਸਨ।
ਇਸ ਸਮਾਗਮ ਦੌਰਾਨ ਇੱਕ ਮਤਾ ਪਾਸ ਕਰ ਕੇ ਕੇਰਲ ਵਿੱਚ ਆਰ.ਐਮ.ਪੀ.ਆਈ. ਦੇ ਦਫ਼ਤਰ ’ਤੇ ਵਿਸਫੋਟਕਾਂ ਨਾਲ ਕੀਤੇ ਗਏ ਹਮਲੇ ਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਕੇ.ਵੇਨੂੰ ਤੇ ਹੋਰਨਾਂ ਨੂੰ ਪੁਲੀਸ ਹਿਰਾਸਤ ਵਿੱਚ ਲੈਣ ਦੀ ਨਿਖੇਧੀ ਕੀਤੀ ਗਈ। ਇਸ ਸਮਾਗਮ ਨੂੰ ਆਈ.ਡਬਲਯੂ.ਏ, ਗਰੇਟ ਬ੍ਰਿਟੇਨ ਦੇ ਉਪ ਪ੍ਰਧਾਨ ਬਲਬੀਰ ਜੌਹਲ, ਆਰ.ਐੱਮ.ਪੀ.ਆਈ ਦੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਸਿੰਘ ਦਾਊਦ, ਡਾ. ਕਰਮਜੀਤ ਸਿੰਘ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਡਾ. ਰਘਬੀਰ ਕੌਰ, ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ ਨੇ ਸੰਬੋਧਨ ਕੀਤਾ।