ਜਲੰਧਰ, 20 ਦਸੰਬਰ,ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਫਿਰਕੂਵਾਦ ਦੇਸ਼ ਲਈ ਵੱਡਾ ਖ਼ਤਰਾ ਬਣ ਗਿਆ ਹੈ। ਕਿਸੇ ਸਮੇਂ ਖੁਦ ਭਾਜਪਾ ਵਿੱਚ ਰਹੇ ਸ੍ਰੀ ਸਿੱਧੂ ਨੇ ਬਿਨਾਂ ਨਾਂ ਲਏ ਕਿਹਾ ਕਿ ਜਿਹੜੇ ਲੋਕ ਸਿਆਸੀ ਹਿੱਤਾਂ ਲਈ ਫਿਰਕੂ ਭਾਵਨਾਵਾਂ ਨੂੰ ਹਵਾ ਦੇ ਰਹੇ ਹਨ, ਉਹ ਡਟ ਕੇ ਉਨ੍ਹਾਂ ਦਾ ਸਾਹਮਣਾ ਕਰਨਗੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੁਜਰਾਤ ਚੋਣਾਂ ਦੇ ਨਤੀਜਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਜਰਾਤ ’ਚ ਕਾਂਗਰਸ ਦੀ ਸਨਮਾਨਜਨਕ ਹਾਰ ਹੋਈ ਹੈ। ਉਨ੍ਹਾਂ ਕਿਹਾ ਕਿ ਜਿਥੇ ਭਾਜਪਾ ਕਿਸੇ ਦੇ ਪੈਰ ਨਹੀਂ ਸੀ ਲੱਗਣ ਦਿੰਦੀ ਉੱਥੇ ਕਾਂਗਰਸ ਨੇ ਸਖ਼ਤ ਟੱਕਰ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਦਾ ਕੱਦ ਵਧਿਆ ਹੈ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦੀ ਜਿੱਤ ਹੋਈ ਹੈ। ਗੁਜਰਾਤ ’ਚ ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਕਾਂਗਰਸ ਦਾ ਸਾਥ ਦਿੱਤਾ ਹੈ, ਜਿਸ ਕਾਰਨ ਦੇਸ਼ ’ਚ ਹੋ ਰਹੀ ਫਿਰਕੂਵਾਦ ਦੀ ਰਾਜਨੀਤੀ ਨੂੰ ਸੱਟ ਲੱਗੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਧਰਮ ਨਿਰਪੱਖ ਪਾਰਟੀ ਦਾ ਕਿਰਦਾਰ ਨਿਭਾਇਆ ਹੈ ਅਤੇ ਅੱਗੇ ਤੋਂ ਵੀ ਨਿਭਾਏਗੀ।
ਇਸੇ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਨੇ ਡਾ. ਮਨਮੋਹਨ ਸਿੰਘ ’ਤੇ ਝੂਠੇ ਦੋਸ਼ ਲਾ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਮਾਣ ਘਟਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਈਮਾਨਦਾਰੀ ਅਤੇ ਸ਼ਖ਼ਸੀਅਤ ’ਤੇ ਕੋਈ ਸ਼ੱਕ ਨਹੀਂ ਕਰ ਸਕਦਾ ਜਦਕਿ ਮੋਦੀ ਵੱਲੋਂ ਉਨ੍ਹਾਂ ’ਤੇ ਚੋਣਾਂ ਵਿੱਚ ਲਾਹਾ ਲੈਣ ਲਈ ਹੇਠਲੇ ਦਰਜੇ ਦੇ ਦੋਸ਼ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਫਿਰਕੂਵਾਦ ਦੀ ਰਾਜਨੀਤੀ ਨੂੰ ਨਕਾਰਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਤਰਜ਼ ’ਤੇ ਬਾਕੀ ਸੂਬੇ ਵੀ ਫਿਰਕੂ ਸਿਆਸਤ ਨੂੰ ਨਕਾਰ ਦੇਣਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੇ ਸੂਬਾ ਸਰਕਾਰ ਨੂੰ ਜਲੰਧਰ ਦੇ ਪ੍ਰਸਿੱਧ ਹਰਿਵੱਲਭ ਸੰਗੀਤ ਸੰਮੇਲਨ ਲਈ ਹਰ ਸਾਲ 25 ਲੱਖ ਰੁਪਏ ਬਜਟ ਵਿੱਚ ਰੱਖਣ ਲਈ ਸਿਫਾਰਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਹਰਿਵੱਲਭ ਸੰਗੀਤ ਸਭਾ ਨੂੰ 10 ਲੱਖ ਰੁਪਏ ਆਪਣੇ ਅਖਤਿਆਰੀ ਕੋਟੇ ਵਿੱਚੋਂ ਦੇਣਗੇ ਤਾਂ ਜੋ ਰਿਵਾਇਤੀ ਸੰਗੀਤ ਦੀ ਸੰਭਾਲ ਕਰਨ ਵਾਲੀ ਇਸ ਸਭਾ ਦੇ ਕੰਮਾਂ ਵਿੱਚ ਮਦਦ ਕੀਤੀ ਜਾ ਸਕੇ।
ਦੋ ਮਹਿਲਾ ਕੌਂਸਲਰਾਂ ਨੂੰ ਮੇਅਰ ਬਣਾਉਣ ਦੇ ਦਿੱਤੇ ਸੰਕੇਤ
ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਾਅਦ ਮੇਅਰ ਦੇ ਅਹੁਦੇ ਲਈ ਛਿੜੀ ਜੰਗ ਬਾਰੇ ਸ੍ਰੀ ਸਿੱਧੂ ਨੇ ਸੰਕੇਤ ਦਿੱਤਾ ਕਿ ਪੰਜਾਬ ਵਿੱਚ ਘੱਟੋ-ਘੱਟ ਦੋ ਥਾਈਂ ਔਰਤਾਂ ਨੂੰ ਮੇਅਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਗਰ ਨਿਗਮ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਹੈ ਅਤੇ ਉਨ੍ਹਾਂ ਦਾ ਟੀਚਾ ਹੈ ਕਿ ਸਿਆਸਤ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਈ ਜਾਵੇ।