ਪੈਰਿਸ, 31 ਮਈ
ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਅੱਜ ਇੱਥੇ ਸਪੈਨਿਸ਼ ਕੁਆਲੀਫਾਇਰ ਜੌਮੇ ਮੁਨਾਰ ’ਤੇ ਜਿੱਤ ਦਰਜ ਕਰਕੇ  ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਤੀਜੇ ਗੇੜ ਵਿੱਚ ਪਹੁੰਚ ਗਿਆ ਹੈ। ਦੂਜੇ ਪਾਸੇ, ਮਹਿਲਾ ਵਰਗ ਵਿੱਚ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਸਿਮੋਨਾ ਹਾਲੇਪ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਸ਼ਾਨਦਾਰੀ ਵਾਪਸੀ ਕਰਕੇ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ, ਜਦਕਿ ਪੇਤਰਾ ਕਵਿਤੋਵਾ ਤੀਜੇ ਗੇੜ ਵਿੱਚ ਪਹੁੰਚਣ ਵਿੱਚ ਸਫਲ ਰਹੀ। ਹਾਲੇਪ 2014 ਅਤੇ 2017 ਦੌਰਾਨ ਰੋਲਾਂ ਗੈਰਾਂ ’ਤੇ ਉਪ ਜੇਤੂ ਰਹੀ ਸੀ। ਉਸ ਨੇ ਵਿਸ਼ਵ ਕੱਪ ਵਿੱਚ 83ਵੇਂ ਨੰਬਰ ਦੀ ਐਲਿਸਨ ਰਿਸਕੀ ਨੂੰ 2-6, 6-1, 6-1 ਨਾਲ ਹਰਾਇਆ।
ਇਸ ਦੌਰਾਨ ਅੱਠਵਾਂ ਦਰਜਾ ਪ੍ਰਾਪਤ ਕਵਿਤੋਵਾ ਨੂੰ ਸਪੇਨ ਦੀ ਲਾਰਾ ਅਰੂਆਬਾਰੋਨਾ ਨੂੰ 6-0, 6-4 ਨਾਲ ਹਰਾਉਣ ਵਿੱਚ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ। ਦੋ ਵਾਰ ਦੀ ਵਿੰਬਲਡਨ ਚੈਂਪੀਅਨ ਹੁਣ ਕਲੇਅ ਕੋਰਟ ’ਤੇ ਲਗਾਤਾਰ 13 ਮੈਚ ਜਿੱਤ ਚੁੱਕੀ ਹੈ। ਯੂਕਰੇਨ ਦੀ ਚੌਥਾ ਦਰਜਾ ਪ੍ਰਾਪਤ ਇਲੀਨਾ ਸਵਿਤੋਲੀਨਾ ਵੀ ਆਖ਼ਰੀ-32 ਵਿੱਚ ਪਹੁੰਚ ਗਈ ਹੈ।ਉਸ ਨੇ ਸਲੋਵਾਕੀਆ ਦੀ ਵਿਕਟੋਰੀਆ ਕੁਜ਼ੁਮੋਵਾ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਜਾਪਾਨ ਦੀ 21ਵਾਂ ਦਰਜਾ ਪ੍ਰਾਪਤ ਨਾਓਮੀ ਓਸਾਕਾ ਵੀ ਕਜ਼ਾਖ਼ਿਸਤਾਨ ਦੀ ਜ਼ਰੀਨਾ ਡਿਆਸ ਖਿਲਾਫ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਪੁਰਸ਼ ਵਰਗ ਵਿੱਚ ਦੁਨੀਆਂ ਦੇ ਸਾਬਕਾ ਨੰਬਰ ਇੱਕ ਜੋਕੋਵਿਚ ਨੇ ਮੁਨਾਰ ਨੂੰ 7-6, 6-4, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਸਪੇਨ ਦੇ ਰੋਬਰਟੋ ਬਤਿਸਤਾ ਆਗੁਤ ਨਾਲ ਹੋਵੇਗਾ। ਇੱਕ ਹੋਰ ਮੁਕਾਬਲੇ ਵਿੱਚ ਇਟਲੀ ਦੇ ਮਾਰਕੋ ਸੇਸਹਿਨਾਤੋ ਨੇ ਅਰਜਨਟੀਨਾ ਦੇ ਮਾਰਕੋ ਟਰੂੰਗੋਲਿਟੀ ਨੂੰ ਹਰਾ ਦੇ ਤੀਜੇ ਗੇੜ ਵਿੱਚ ਥਾਂ ਬਣਾਈ।