ਪੈਰਿਸ, ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਅੱਜ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਜਰਮਨੀ ਦੇ ਦੂਜਾ ਦਰਜਾ ਪ੍ਰਾਪਤ ਅਲੈਕਜ਼ੈਂਡਰ ਜ਼ਵੈਰੇਵ ਨੂੰ ਚੌਥੇ ਗੇੜ ਵਿੱਚ ਪਹੁੰਚਣ ਲਈ ਕਾਫੀ ਪਸੀਨਾ ਵਹਾਉਣਾ ਪਿਆ। ਜ਼ਵੈਰੇਵ ਪੰਜ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ ਵਿੱਚ ਬੋਸਨੀਆ ਦੇ ਦਾਮਿਰ ਜੁਮਹੂਰ ਨੂੰ ਹਰਾ ਕੇ ਪਹਿਲੀ ਵਾਰ ਫਰੈਂਚ ਓਪਨ ਦੇ ਪੁਰਸ਼ ਸਿੰਗਲਜ਼ ਦੇ ਚੌਥੇ ਗੇੜ ਵਿੱਚ ਪਹੁੰਚਿਆ। ਮਹਿਲਾ ਸਿੰਗਲਜ਼ ਵਿੱਚ ਯੂਕਰੇਨ ਦੀ ਚੌਥਾ ਦਰਜਾ ਪ੍ਰਾਪਤ ਇਲੀਨਾ ਸਵਿਤੋਲੀਨਾ ਉਲਟਫੇਰ ਦਾ ਸ਼ਿਕਾਰ ਹੋ ਗਈ, ਜਦੋਂਕਿ ਜਾਪਾਨੀ ਖਿਡਾਰਨ ਨਾਓਮੀ ਓਸਾਕਾ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ।
21 ਸਾਲਾ ਦੇ ਜ਼ਵੇਰੇਵ ਨੇ ਪੱਛੜਣ ਮਗਰੋਂ ਵਾਪਸੀ ਕਰਦਿਆਂ ਜੁਮਹੂਰ ਨੂੰ ਲਗਭਗ ਚਾਰ ਘੰਟੇ ਤੱਕ ਚੱਲੇ ਮੁਕਾਬਲੇ ਵਿੱਚ 6-2, 3-6, 4-6, 7-6 (7/3), 7-5 ਨਾਲ ਹਰਾਇਆ। ਦੁਨੀਆਂ ਦੇ ਨੰਬਰ ਇੱਕ ਸਪੈਨਿਸ਼ ਖਿਡਾਰੀ ਰਾਫੇਲ ਨਡਾਲ ਦੇ 11ਵਾਂ ਫਰੈਂਚ ਓਪਨ ਖ਼ਿਤਾਬ ਜਿੱਤਣ ਦੇ ਰਾਹ ਵਿੱਚ ਸਭ ਤੋਂ ਵੱਡਾ ਅੜਿੱਕਾ ਮੰਨੇ ਜਾ ਰਹੇ ਜ਼ਵੈਰੇਵ ਜੁਮਹੂਰ ਖ਼ਿਲਾਫ਼ ਲੈਅ ਵਿੱਚ ਨਹੀਂ ਜਾਪਿਆ। ਉਸ ਨੇ 73 ਗ਼ਲਤੀਆਂ ਕਰਨ ਤੋਂ ਇਲਾਵਾ ਸੱਤ ਡਬਲ ਫਾਲਟ ਕਰਦਿਆਂ ਅੱਠ ਵਾਰ ਆਪਣੀ ਸਰਵਿਸ ਗੁਆਈ। ਪੰਜਵੇਂ ਅਤੇ ਫ਼ੈਸਲਾਕੁੰਨ ਸੈੱਟ ਦੇ 11ਵੇਂ ਗੇਮ ਵਿੱਚ ਉਸ ਨੇ ਮੈਚ ਪੁਆਇੰਟ ਬਚਾਉਣ ਮਗਰੋਂ ਵਿਰੋਧੀ ਦੀ ਸਰਵਿਸ ਤੋੜੀ। ਉਹ ਪਹਿਲੀ ਵਾਰ ਆਖ਼ਰੀ-16 ਵਿੱਚ ਪਹੁੰਚਿਆ ਹੈ। ਦੂਜੇ ਪਾਸੇ, 12 ਵਾਰ ਦੇ ਗਰੈਂਡ ਸਲੈਮ ਜੇਤੂ ਨੋਵਾਕ ਜੋਕੋਵਿਚ ਨੂੰ ਵੀ ਅਗਲੇ ਗੇੜ ਵਿੱਚ ਪਹੁੰਚਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਇਸ ਵਾਰ 20ਵਾਂ ਦਰਜਾ ਪ੍ਰਾਪਤ ਸਾਬਕਾ ਨੰਬਰ ਇੱਕ ਖਿਡਾਰੀ ਜੋਕੋਵਿਚ ਨੇ ਸਪੇਨ ਦੇ ਰਾਬਰਟੋ ਬਤਿਸਤਾ ਆਗੁਤ ਨੂੰ ਤਿੰਨ ਘੰਟੇ 48 ਮਿੰਟ ਦੇ ਸੰਘਰਸ਼ਪੂਰਨ ਮੁਕਾਬਲੇ ਵਿੱਚ 6-4, 6-7, 7-6, 6-2 ਨਾਲ ਹਰਾਇਆ।
ਜਾਪਾਨ ਦਾ 19ਵਾਂ ਦਰਜਾ ਪ੍ਰਾਪਤ ਕੇਈ ਨਿਸ਼ੀਕੋਰੀ ਵੀ ਅਗਲੇ ਗੇੜ ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ। ਉਸ ਨੇ ਫਰਾਂਸ ਦੇ ਜੌਇਲਸ ਸਿਮੋਨ ਨੂੰ ਸਿੱਧੇ ਸੈੱਟਾਂ ਵਿੱਚ 6-3, 6-1, 6-3 ਨਾਲ ਹਰਾਇਆ। ਚੌਥਾ ਦਰਜਾ ਪ੍ਰਾਪਤ ਬੁਲਗਾਰੀਆ ਦੇ ਗ੍ਰਿਗੋਰ ਦਿਮਿਤ੍ਰੋਵ ਹਾਲਾਂਕਿ ਫਰਨਾਂਡੋ ਵਰਡਾਸਕੋ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ ਹਾਰ ਨਾਲ ਫਰੈਂਚ ਓਪਨ ਤੋਂ ਬਾਹਰ ਹੋ ਗਿਆ। ਸਪੇਨ ਦੇ ਵਰਡਾਸਕੋ ਨੇ 7-6, 6-2, 6-4 ਨਾਲ ਜਿੱਤ ਦਰਜ ਕੀਤੀ। ਦੁਨੀਆਂ ਦੇ 35ਵੇਂ ਨੰਬਰ ਦੇ ਖਿਡਾਰੀ ਵਰਡਾਸਕੋ ਦਾ ਅਗਲਾ ਮੁਕਾਬਲਾ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਨਾਲ ਹੋਵੇਗਾ। ਨੋਵਾਕ ਨੇ ਸਪੇਨ ਦੇ ਰੋਬਰਟੋ ਬਤਿਸਤਾ ਆਗੁਤ ਨੂੰ ਹਰਾਇਆ ਹੈ। ਮਹਿਲਾ ਸਿੰਗਲਜ਼ ਵਿੱਚ ਸਵਿਤੋਲੀਨਾ ਨੂੰ 31ਵਾਂ ਦਰਜਾ ਪ੍ਰਾਪਤ ਰੋਮਾਨੀਆ ਦੀ ਮਿਹੈਲਾ ਬੁਜ਼ਰਨੇਸਕੂ ਖ਼ਿਲਾਫ ਹਾਰ ਝੱਲਣੀ ਪਈ। ਖੇਡ ਵਿਗਿਆਨ ਵਿੱਚ ਡਾਕਟਰੇਟ ਰੋਮਾਨਿਆਈ ਖਿਡਾਰਨ ਨੇ ਸਵਿਤੋਲੀਨਾ ਨੂੰ 6-3, 7-5 ਨਾਲ ਹਰਾਇਆ। ਮਿਹੈਲਾ ਅਗਲੇ ਗੇੜ ਵਿੱਚ ਅਮਰੀਕਾ ਦੀ ਤੀਜਾ ਦਰਜਾ ਪ੍ਰਾਪਤ ਮੈਡਿਸਨ ਕੀਜ਼ ਨਾਲ ਭਿੜੇਗੀ, ਜਿਸ ਨੇ ਜਾਪਾਨ ਦੀ 21ਵਾਂ ਦਰਜਾ ਪ੍ਰਾਪਤ ਨਾਓਮੀ ਓਸਾਕਾ ਨੂੰ ਸਿੱਧੇ ਸੈੱਟਾਂ ਵਿੱਚ 6-1, 7-6 ਨਾਲ ਹਰਾ ਕੇ ਬਾਹਰ ਕਰ ਦਿੱਤਾ ਹੈ। ਰੂਸੀ ਖਿਡਾਰਨ ਦਾਰੀਆ ਕਸਾਤਕਿਨਾ ਵੀ ਜਿੱਤ ਦਰਜ ਕਰਨ ਵਿੱਚ ਸਫਲ ਰਹੀ। ਉਸ ਨੇ ਯੂਨਾਨ ਦੀ ਮਾਰੀਆ ਸੱਕਾਰੀ ਨੂੰ 6-1, 1-6, 6-3 ਨਾਲ ਹਰਾਇਆ। ਚੈੱਕ ਗਣਰਾਜ ਦੀ ਬਰਬਰਾ ਸਟ੍ਰਾਈਕੋਵਾ ਨੇ ਹਮਵਤਨ ਕੈਟਰੀਨਾ ਸਿਨਿਯਾਕੋਵਾ ਖ਼ਿਲਾਫ਼ 6-2, 6-3 ਨਾਲ ਆਸਾਨ ਜਿੱਤ ਦਰਜ ਕੀਤੀ, ਜਦਕਿ ਕਜ਼ਾਖਿਸਤਾਨ ਦੀ ਯੂਨੀਆ ਪੁਤਿਨਤਸਵੇਾ ਨੇ ਪਹਿਲੇ ਸੈੱਟ ਗੁਆਉਣ ਮਗਰੋਂ ਵਾਪਸੀ ਕਰਦਿਆਂ ਚੀਨ ਦੀ ਕਿਆਂਗ ਵੈਂਗ ਨੂੰ 1-6, 7-5, 6-4 ਨਾਲ ਸ਼ਿਕਸਤ ਦਿੱਤੀ।