ਫਰੀਦਕੋਟ, 5 ਮਈ: ਅੱਜ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਜ਼ਿਲੇ ਦੇ ਤੀਜੇ ਕਰੋਨਾ ਪਾਜਟਿਵ ਮਰੀਜ ਗਗਨਦੀਪ ਸਿੰਗਲਾ ਵਾਸੀ ਫਰੀਦਕੋਟ ਨੂੰ ਕਰੋਨਾ ਖਿਲਾਫ ਲੜਾਈ ਜਿੱਤਣ ਅਤੇ ਤੰਦਰੁਸਤ ਹੋਣ ਉਪਰੰਤ ਛੁੱਟੀ ਦਿੱਤੀ ਗਈ।
ਇਸ ਮੌਕੇ ਸੀ ਐਮ ਓ ਡਾ ਰਜਿੰਦਰ ਸਮੇਤ ਹਸਪਤਾਲ ਦੇ ਅਮਲੇ ਵੱਲੋਂ ਉਨਾਂ ਨੂੰ ਹਸਪਤਾਲ ਤੋਂ ਵਿਦਾਇਗੀ ਦਿੱਤੀ ਗਈ ਅਤੇ ਕਰੋਨਾ ਬਿਮਾਰੀ ਨਾਲ ਲੜਾਈ ਵਿਚ ਉਨਾਂ ਵੱਲੋਂ ਵਿਖਾਏ ਗਏ ਹੌਂਸਲੇ ਦੀ ਸਰਾਹਨਾ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਮਰੀਜ਼ ਆਨੰਦ ਗੋਇਲ ਤੇ ਵਿਕਰਮਜੀਤ ਸਿੰਘ ਨੂੰ ਠੀਕ ਹੋਣ ਉਪਰੰਤ ਛੁੱਟੀ ਦਿੱਤੀ ਗਈ ਹੈ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸਮੂਹ ਸਟਾਫ ਅਤੇ ਆਈਸੋਲੇਸ਼ਨ ਵਾਰਡ ਵਿਚ ਤਨਦੇਹੀ ਨਾਲ ਡਿਊਟੀਆਂ ਨਿਭਾ ਰਹੇ ਸਟਾਫ ਦੀ ਸਰਾਹਨਾ ਕੀਤੀ।ਡਾ ਰਜਿੰਦਰ ਨੇ ਕਿਹਾ ਕਿ ਗਗਨਦੀਪ ਸਿੰਗਲਾ ਹੁਣ ਦੂਜੇ ਲੋਕਾਂ ਲਈ ਰੋਲ ਮਾਡਲ ਬਣ ਗਿਆ ਹੈ ਅਤੇ ਕਰੋਨਾ ਦੀ ਚੇਨ ਤੋੜਨ ਲਈ ਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰਨਗੇ।
ਇਸ ਮੌਕੇ ਗਗਨਦੀਪ ਸਿੰਗਲਾ ਜਿਸ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲੀ ਹੈ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਰੋਨਾ ਖਿਲਾਫ ਲੜਾਈ ਵਿਚ ਸਾਨੂੰ ਸਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚ ਦਵਾਈ ਨਾਲੋਂ ਜ਼ਿਆਦਾ ਮਰੀਜ ਨੂੰ ਹੌਂਸਲਾ ਰੱਖਣ ਦੀ ਲੋੜ ਹੈ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਰਹਿਣ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਉਨਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਕੁਸ਼ਲਦੀਪ ਸਿੰਘ ਢਿਲੋਂ,ਵੀ ਸੀ ਡਾ ਰਾਜ ਬਹਾਦਰ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਡਾ ਦੀਪਕ ਭੱਟੀ ਅਤੇ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ ਰਾਜੀਵ ਜ਼ੋਸੀ, ਮੁਖੀ ਮੈਡੀਸਨ ਵਿਭਾਗ ਡਾ ਰਵਿੰਦਰ ਗਰਗ, ਡਾ ਕਿਰਨ, ਸਮੇਤ ਸਮੂਹ ਸਟਾਫ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਲਾਜ ਦੇ ਨਾਲ ਨਾਲ ਉਨ੍ਹਾ ਦਾ ਹੌਸਲਾ ਵੀ ਵਧਾਇਆ।
ਅੱਜ 28 ਦਿਨਾਂ ਬਾਅਦ ਉਸ ਦੇ ਲਏ ਗਏ ਟੈਸਟਾਂ ਦੀ ਰਿਪੋਰਟ ਦੇ ਆਧਾਰ ਤੇ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕੀਤਾ ਗਿਆ ਅਤੇ ਉਸ ਨੂੰ 14 ਦਿਨ ਘਰ ਵਿਚ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ।