ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਵਿੱਚ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਦੇ ਕਤਲ ਕੀਤੇ ਜਾਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਮਾਨਵਿੰਦਰ ਸਿੰਘ ਉਰਫ਼ ਮਾਨ ਵਜੋਂ ਹੋਈ ਹੈ। ਉਹ ਇੱਕ ਨਿੱਜੀ ਸਕੂਲ ਵਿੱਚ 12ਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਫਿਲਹਾਲ ਘਟਨਾ ਦੇ ਕਾਰਨ ਸਾਹਮਣੇ ਨਹੀਂ ਆਏ ਹੁਣ।

ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਉਸਦੇ ਦੋਸਤਾਂ ਨੇ ਅੰਜਾਮ ਦਿੱਤਾ। ਮੁੱਢਲੀ ਜਾਣਕਾਰੀ ਅਨੁਸਾਰ ਖਮਾਣੋਂ ਦੇ ਬਾਜ਼ਾਰ ਵਿੱਚ ਮਾਮੂਲੀ ਝਗੜੇ ਤੋਂ ਬਾਅਦ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦਾ ਤਾਇਆ ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ ‘ਤੇ ਸੀ। ਰੌਲਾ ਸੁਣ ਕੇ ਉਹ ਉੱਥੇ ਪੁੱਜਿਆ ਪਰ ਉਦੋਂ ਤੱਕ ਮਾਨਵਿੰਦਰ ਦੀ ਮੌਤ ਹੋ ਚੁੱਕੀ ਸੀ।

ਇਹ ਘਟਨਾ ਬੀਤੀ ਰਾਤ ਵਾਪਰੀ। ਮ੍ਰਿਤਕ ਮਾਨਵਿੰਦਰ ਦੇ ਤਾਇਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਵਿਆਹ ਸੀ ਸੋਮਵਾਰ ਸ਼ਾਮ ਨੂੰ ਪਰਿਵਾਰ, ਮਾਨਵਿੰਦਰ ਸਿੰਘ ਦੇ ਨਾਲ, ਖੰਨਾ ਰੋਡ ‘ਤੇ ਖਰੀਦਦਾਰੀ ਕਰਨ ਆਇਆ ਸੀ। ਰਾਤ 8 ਵਜੇ ਦੇ ਕਰੀਬ ਪਰਿਵਾਰ ਦੁਕਾਨ ਦੇ ਅੰਦਰ ਸੀ ਜਦੋਂ ਕਿ ਮਾਨਵਿੰਦਰ ਬਾਹਰ ਖੜ੍ਹਾ ਸੀ। ਇਸ ਦੌਰਾਨ ਉਸਦੇ ਦੋ ਦੋਸਤ ਪਹੁੰਚੇ ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਓਥੇ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਉਨ੍ਹਾਂ ਨੇ ਮਾਨਵਿੰਦਰ ਤੇ ਕਿਰਚ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਪਿਆ। ਘਟਨਾ ਦਾ ਪਤਾ ਲਗਦੇ ਹੀ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਮਾਨਵਿੰਦਰ ਦੇ ਤਾਇਆ ਨੇ ਕਿਹਾ ਜਦੋਂ ਉਹ ਮੌਕੇ ‘ਤੇ ਪੁੱਜੇ ਤਾਂ ਉਸਦੇ ਭਤੀਜੇ ਦੀ ਮੌਤ ਹੋ ਚੁੱਕੀ ਸੀ। ਦੱਸ ਦਈਏ ਕਿ ਪੁਲਿਸ ਨੇ ਘਟਨਾ ਦੇ ਸਬੰਧ ਵਿੱਚ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੋਰ ਜਾਂਚ ਜਾਰੀ ਹੈ।