ਫਗਵਾੜਾ, ਪੁਲੀਸ ਨੇ ਅੱਜ ਅੰਬੇਦਕਰ ਸੈਨਾ ਪੰਜਾਬ ਦੇ ਪ੍ਰਧਾਨ ਹਰਭਜਨ ਸੁਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਸਥਾਨਕ ਸੂੰਢ ਕਾਲੋਨੀ ਦੇ ਨਿਵਾਸੀ ਪਵਨ ਕੁਮਾਰ ਦੀ ਸ਼ਿਕਾਇਤ ’ਤੇ ਹੋਈ ਹੈ। ਪਵਨ ਕੁਮਾਰ ਨੇ ਸੁਮਨ ’ਤੇ ਰੋਹਿਤ, ਬੌਬੀ ਤੇ ਅੱਧਾ ਦਰਜਨ ਹੋਰ ਸਾਥੀਆਂ ਸਮੇਤ ਕੱਲ ਉਸ ਦੇ ਘਰ ਜਬਰੀ ਦਾਖ਼ਲ ਹੋ ਕੇ ਉਸ ਨੂੰ ਜ਼ਖ਼ਮੀ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਹਮਲਾਵਰਾਂ ਵਿਰੁੱਧ ਧਾਰਾ 323, 452, 120-ਬੀ ਤਹਿਤ ਕੇਸ ਦਰਜ ਕੀਤਾ ਹੈ। ਸੁਮਨ ਨੂੰ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ   ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਰਭਜਨ ਸੁਮਨ 13 ਅਪਰੈਲ ਦੀ ਰਾਤ ਨੂੰ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ’ਚ ਲੋੜੀਂਦਾ ਸੀ। ਇਸ ਝੜਪ ’ਚ ਚਾਰ ਨੌਜਵਾਨ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ’ਚੋਂ ਇਕ ਜਸਵੰਤ ਉਰਫ਼ ਬੌਬੀ ਨੇ ਕੱਲ ਡੀਐਮਸੀ ਲੁਧਿਆਣਾ ਵਿੱਚ ਦਮ ਤੋੜ ਦਿੱਤਾ ਸੀ।
ਉਸ ਦੇ ਸਸਕਾਰ ਉਪਰੰਤ ਹਰਕਤ ’ਚ ਆਉਂਦਿਆਂ ਪੁਲੀਸ ਨੇ ਦਲਿਤ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਸਮਰਥਕਾਂ ਨੇ ਫਗਵਾੜਾ ਦੇ ਪੁਲੀਸ ਕਪਤਾਨ ਦੇ ਦਫ਼ਤਰ ਦੇ ਬਾਹਰ ਟਾਊਨ ਹਾਲ ਵਿਖੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਐਸਪੀ ਪੀ ਐਸ ਭੰਡਾਲ ਦੀ ਦਖ਼ਲਅੰਦਾਜ਼ੀ ਕਰਕੇ ਧਰਨਾ ਖ਼ਤਮ ਕਰ ਦਿੱਤਾ ਗਿਆ। ਜਨਰਲ ਸਮਾਜ ਮੰਚ ਵੱਲੋਂ ਸੁਮਨ ਸਮੇਤ 14 ਹੋਰ ਦਲਿਤ ਕਾਰਕੁਨਾਂ ਦੀ 13 ਅਪਰੈਲ ਦੀ ਹਿੰਸਾ ਦੇ ਸਬੰਧ ’ਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਪਰ ਪੁਲੀਸ ਨੇ ਉਸ ਨੂੰ ਵੱਖਰੇ ਕੇਸ ’ਚ ਗ੍ਰਿਫ਼ਤਾਰ ਕੀਤਾ ਹੈ ਜੋ ਕੱਲ ਵਾਪਰੇ ਝਗੜੇ ਨਾਲ ਸਬੰਧਤ ਹੈ। ਪੁਲੀਸ ਨੇ ਸ਼ਹਿਰ ’ਚ ਭਾਰੀ ਫੋਰਸ ਤਾਇਨਾਤ ਕੀਤੀ ਹੋਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।