ਪਟਿਆਲਾ, 21 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਿਆਲਾ ਨਗਰ ਨਿਗਮ ਚੋਣਾਂ ਦੌਰਾਨ ਅੰਮ੍ਰਿਤਧਾਰੀ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਦੀ ਪੱਗ ਲੱਥਣ ਦੇ ਮਾਮਲੇ ਨੂੰ ਧਾਰਮਿਕ ਪੱਖ ਤੋਂ ਵਿਚਾਰਨ ਦੇ ਰੌਂਅ ਵਿੱਚ ਨਹੀਂ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕਰਨ ਨੂੰ ਤਿਆਰ ਹੈ।  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਦਲੀਲ ਹੈ ਕਿ ਅਜਿਹਾ ਸਿਆਸੀ ਤਕਰਾਰ ਦੌਰਾਨ ਹੋਇਆ ਹੈ। ਇਸ ਕਾਰਨ ਸ਼੍ਰੋਮਣੀ ਕਮੇਟੀ ਦਖ਼ਲ ਦੇਣ ਦੇ ਰੌਂਅ ਵਿੱਚ ਨਹੀਂ ਹੈ| ਦੂਜੇ ਪਾਸੇ, ਅਕਾਲੀ ਦਲ ਨੇ ਇਸ ਮੁੱਦੇ ਨੂੰ ਉਭਾਰਨ ਦਾ ਐਲਾਨ ਕੀਤਾ ਹੋਇਆ ਹੈ।
ਦੱਸਣਯੋਗ ਹੈ ਕਿ ਲੰਘੇ ਦਿਨੀਂ ਪਟਿਆਲਾ ਨਗਰ ਨਿਗਮ ਚੋਣਾਂ ਮੌਕੇ ਤਕਰਾਰ ਦੌਰਾਨ ਸ਼ਹਿਰ ਦੇ ਸਾਬਕਾ ਅਕਾਲੀ ਮੇਅਰ ਅਮਰਿੰਦਰ ਸਿੰਘ ਬਜਾਜ ਦੀ ਪੱਗ ਲੱਥ ਗਈ ਸੀ। ਸ੍ਰੀ ਬਜਾਜ ਆਪਣੀ ਉਮੀਦਵਾਰ ਪਤਨੀ ਦੇ ਹੱਕ ਵਿੱਚ ਚੋਣ ਬੂਥ ’ਤੇ ਨਿਗਰਾਨੀ ਕਰ ਰਹੇ ਸਨ ਕਿ ਵਿਰੋਧੀ ਧਿਰ ਦੇ ਸਮਰਥਕਾਂ ਨਾਲ ਹੋਈ ਝੜਪ ਦੌਰਾਨ ਪੱਗ ਲੱਥ ਗਈ।
ਸ੍ਰੀ ਬਜਾਜ ਨੇ ਦੋਸ਼ ਲਾਇਆ ਹੈ ਕਿ ਇੱਕ ਪੁਲੀਸ ਅਧਿਕਾਰੀ ਦੀ ਸ਼ਹਿ ’ਤੇ ਗਿਣੀ-ਮਿੱਥੀ ਸਾਜ਼ਿਸ਼ ਦੌਰਾਨ ਉਨ੍ਹਾਂ ਦੀ ਪੱਗ ਉਤਾਰੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਹਾਈ ਕੋਰਟ ’ਚ ਪਟੀਸ਼ਨ ਪਾ ਰਹੇ ਹਨ। ਉਧਰ, ਅਕਾਲੀ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਖ਼ਾਲਸਾ ਪੰਥ ਦਸਤਾਰ ਦੀ ਸ਼ਾਨ ਲਈ ਵੱਡੀ ਤੋਂ ਵੱਡੀ ਲੜਾਈ ਲੜਨ ਲਈ ਤਿਆਰ ਹੈ|
ਉਨ੍ਹਾਂ ਕਿਹਾ ਕਿ ਫਿਲਹਾਲ ਪਾਰਟੀ ਵੱਲੋਂ ਇਸ ਮਾਮਲੇ ’ਚ ਇਨਸਾਫ਼ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਜਾ ਰਹੀ ਹੈ| ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ੍ਰੀ ਬਜਾਜ ਦੀ ਪੱਗ ਲੱਥਣ ਦੀ ਨਿੰਦਾ ਕੀਤੀ ਤੇ ਇਸ ਨੂੰ ਕਾਂਗਰਸੀਆਂ ਦੀ ਸਾਜ਼ਿਸ਼ ਦੱਸਿਆ। ਭਾਜਪਾ ਦੇ ਸੂਬਾ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਵੀ ਸਾਬਕਾ ਅਕਾਲੀ ਮੇਅਰ ਦੀ ਪੱਗ ਉਤਾਰਨ ਨੂੰ ਮੰਦਭਾਗਾ ਕਿਹਾ।
ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਰਾਜਸੀ ਲੋਕ ਤਾਂ ਲੜਦੇ ਹੀ ਰਹਿੰਦੇ ਹਨ ਤੇ ਪੱਗਾਂ ਲੱਥਦੀਆਂ ਰਹਿੰਦੀਆਂ ਹਨ, ਆਪਾਂ ਇਸ ਮਾਮਲੇ ਵਿੱਚ ਕਿਉਂ ਪੈਣਾ ਹੈ।’’