ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਜਨਤਾ ਦਰਬਾਰ ਚ ਆ ਕੇ ਤਰਕ ਸਹਿਤ ੬੫% ਤਨਖਾਹ ਕਟੌਤੀ ਦਾ ਜਵਾਬ ਦੇਣ ਲਈ ਆਮੋ ਸਾਹਮਣੇ ਹੋਣ ਦਾ ਓਪਨ ਚੈਲੇਂਜ

ਅਧਿਆਪਕਾਂ ਦੇ ਬਜ਼ੁਰਗ ਮਾਂ ਪਿਓ ਅਤੇ ਛੋਟੇ ਬੱਚਿਆਂ ਨੂੰ ਜਿਉਂਦੇ ਜੀਅ ਮਾਰਨ ਦੀ ਸਾਜਿਸ਼ ਕਰਨ ਵਾਲੀ ਸਰਕਾਰ,

ਮੁੱਖ ਮੰਤਰੀ,ਕੈਬਨਿਟ ਮੰਤਰੀ ਅਤੇ ਵਿਧਾਇਕ ਵਿਰੋਧ ਸਹਿਣ ਲਈ ਤਿਆਰ ਰਹਿਣ

ਲੁਧਿਆਣਾ (੦੫ ਅਕਤੂਬਰ) ਅੱਜ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਅਤੇ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਲੁਧਿਆਣਾ ਵਿਖੇ ਹੋਈ । ਐੱਸ.ਐੱਸ.ਏ./ਰਮਸਾ/ਮਾਡਲ ਆਦਰਸ਼ ਸਕੂਲ ਅਧਿਆਪਕਾਂ ਦੇ ਬਜ਼ੁਰਗ ਮਾਂ ਪਿਓ ਅਤੇ ਛੋਟੇ ਬੱਚਿਆਂ ਨੂੰ ਜਿਉਂਦੇ ਜੀਅ ਮਾਰਨ ਦੀ ਸਾਜਿਸ਼ ਕਰਨ ਵਾਲੀ ਸਰਕਾਰ,ਮੁੱਖ ਮੰਤਰੀ,ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਖਤ ਵਿਰੋਧ ਸਹਿਣ ਦੀ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲ ਅਧਿਆਪਕਾਂ ਦੇ ਪਹਿਲੇ ਜੱਥੇ ਵੱਲੌਂ ੭ ਅਕਤੂਬਰ ਤੋਂ ਪਟਿਆਲਾ ਵਿਖੇ “੬੫% ਤਨਖਾਹ ਕਟੌਤੀ ਨਾਲ ਵੀ ਮਰ ਜਾਵਾਂਗੇ,ਸਰਕਾਰ ਦੇ ਸਿਰ ਚੜ੍ਹ ਮਰਕੇ ਸਾਰਾ ਦੇਸ਼ ਜਗਾਵਾਂਗੇ” ਦਾ ਨਾਅਰਾ ਬੁਲੰਦ ਕਰਦਿਆਂ ਸਮੂਹਿਕ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ । ਸਾਂਝੇ ਅਧਿਆਪਕ ਮੋਰਚੇ ਵੱਲੋਂ ਵੀ ਪਟਿਆਲਾ ਵਿਖੇ ੭ ਅਕਤੂਬਰ ਤੋਂ ਹੀ ਪੱਕਾ ਮੋਰਚਾ ਲਾਇਆ ਜਾਵੇਗਾ । ਨਾਲ ਹੀ ਆਗੂਆਂ ਨੇ ਆਖਿਆ ਕਿ ਇਸ ਮਰਨ ਵਰਤ ਨਾਲ ਅਧਿਆਪਕਾਂ ਦੀ ਮੌਤ ਕੁਦਰਤੀ ਮੌਤ ਨਹੀ ਸਗੋਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦਾ ਨੀਤੀਗਤ ਕਤਲ ਹੋਵੇਗਾ,ਜਿਸ ਦੀ ਜਿੰਮੇਵਾਰੀ ਪੂਰਨ ਰੂਪ ਵਿੱਚ ਲੋਕਤੰਤਰ ਦਾ ਢੰਡੋਰਾ ਪਿੱਟਣ ਵਾਲੀ ਕਾਂਗਰਸ ਸਰਕਾਰ ਅਤੇ ਕਾਂਗਰਸ ਪਾਰਟੀ ਦੀ ਹੋਵੇਗੀ ।

ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰੈਗੂਲਰ ਦੇ ਨਾਮ ਤੇ ੬੫% ਤਨਖਾਹ ਕਟੌਤੀ ਕਰਨਾ ਸਰਕਾਰੀ ਸਕੂਲਾਂ ਨੂੰ ਖਤਮ ਕਰਨ ਦੀ ਸਾਜਿਸ਼ ਹੈ ।ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਅਧਿਆਪਕ ਲੱਗਭੱਗ ਪਿਛਲੇ ੧੦ ਸਾਲਾਂ ਤੋਂ ਸੂਬੇ ਦੇ ਵੱਖ ਵੱਖ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ।ਜੱਥੇਬੰਦੀਆਂ ਕੋਲ ਉਪਲੱਬਧ ਲੱਗਭੱਗ ਅੱਧੀ ਦਰਜਨ ਤੋਗ਼ ਵੱਧ ਦਸਤਾਵੇਜ਼,ਅਧਿਆਪਕਾਂ ਦਾ ਵੱਖਰਾ ਕਾਡਰ ਬਣਾਉਣ ਦੀ ਮਨਾਹੀ ਦੇ ਨਾਲ ਨਾਲ ਸਮੂਹ ਅਧਿਆਪਕਾਂ ਲਈ ਇੱਕੋ ਜਿਹੀਆ ਸੇਵਾ ਸ਼ਰਤਾਂ ਅਤੇ ਇੱਕੋ ਜਿਹੀਆਂ ਸਹੂਲਤਾਂ ਦੀ ਗਵਾਹੀ ਭਰਦੇ ਹਨ। ਪਰ ਪੰਜਾਬ ਸਰਕਾਰ ਨੇ ਇਨ੍ਹਾਂ ਦਸਤਾਵੇਜ਼ਾਂ/ਕਾਨੂੰਨਾਂ ਨੂੰ ਲਾਂਬੂ ਲਾ ਕੇ ਇਹਨਾਂ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ੬੫% ਦੀ ਕਟੌਤੀ ਕਰਕੇ ਇੱਕ ਨਵਾਂ ਤਾਨਾਸ਼ਾਹੀ ਫ਼ੈਸਲਾ ਲਿਆ ਹੈ,ਜਿਸ ਨਾਲ ਸਿਰਫ ਇਹ ੯੦੦੦ ਅਧਿਆਪਕ ਹੀ ਨਹੀਂ ਸਗੋਂ ਇਹਨਾਂ ਅਧਿਆਪਕਾਂ ਤੇ ਪੂਰੀ ਤਰ੍ਹਾਂ ਨਿਰਭਰ ਇਹਨਾਂ ਦੇ ਪਰਿਵਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। “ਸਰਕਾਰੇ ਨੀਂ ਭਾਵੇਂ ਜੇਲੀ ਡੱਕ,ਲੈ ਕੇ ਰਹਾਂਗੇ ਪੂਰੀ ਤਨਖਾਹ ਵਾਲਾ ਹੱਕ” ਦਾ ਨਾਅਰਾ ਬੁਲੰਦ ਕਰਦਿਆਂ ੬੫% ਤਨਖ਼ਾਹ ਕਟੌਤੀ ਦੇ ਹੱਲੇ ਦਾ ਜਵਾਬ ਹੱਲਾ ਬੋਲ ਕੇ ਦੇਣ ਲਈ ਜਥੇਬੰਦੀ ਵੱਲੋਂ ਟੀਮਾਂ ਬਣਾ ਕੇ ਸਕੂਲਾਂ ਵਿੱਚ ਅਤੇ ਘਰਾਂ ਵਿੱਚ ਕੈਂਪੇਨ ਕਰਕੇ ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।

ਮਾਡਲ ਅਤੇ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ.ਅੰਮ੍ਰਿਤਪਾਲ ਸਿੰਘ ਸਿੱਧੂ ਨੇ ਸਿੱਖਿਆ ਵਿਭਾਗ ਵਿੱਚ ੧੦ ਸਾਲ ਨਿਭਾਈਆਂ ਸੇਵਾਵਾਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਪੰਜਾਬ ਸਰਕਾਰ ਆਪਣੇ ੬੫% ਤਨਖਾਹ ਕਟੌਤੀ ਦੇ ਤਾਨਾਸ਼ਾਹੀ ਫ਼ੈਸਲੇ ਨੂੰ ਤੁਰੰਤ ਰੱਦ ਕਰਕੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਅਤੇ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ। ਅਧਿਆਪਕਾਂ ਨੇ ਆਪਣੇ ਜੀਵਨ ਦਾ ਸੁਨਹਿਰੀ ਸਮਾਂ ਇਸ ਵਿਭਾਗ ਨੂੰ ਦਿੱਤਾ ਹੈ ਅਤੇ ਅੱਜ ਜਦੋਂਂ ਉਹ ਬਾਲ ਬੱਚਿਆਂ ਵਾਲੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਮਾਪੇ ਬਿਰਧ ਅਵਸਥਾ ਵਿੱਚ ਹਨ ਤਾਂ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦਾ ਗਲਾ ਘੁੱਟਣ ਲਈ ਬਿਲਕੁਲ ਲੋਕ ਵਿਰੋਧੀ ਨੀਤੀ ਲਿਆ ਰਹੀ ਹੈ ਜਿਸ ਨੂੰ ਮਨਜ਼ੂਰ ਕਰਨਾ ਅਧਿਆਪਕਾਂ ਲਈ ਕਿਸੇ ਵੀ ਰੂਪ ਵਿੱਚ ਸੰਭਵ ਨਹੀਂ ਹੈ। ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦੁਆਰਾ ਇਸ ਤਰ੍ਹਾਂ ਲੋਕਤੰਤਰ ਦਾ ਗਲਾ ਘੁੱਟ ਕੇ ਮਨਮਰਜ਼ੀ ਦੀਆਂ ਨੀਤੀਆਂ ਥੋਪਣ ਦਾ ਵਧ ਰਿਹਾ ਵਰਤਾਰਾ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਹਰ ਹਿੱਸੇ ਲਈ ਨੁਕਸਾਨਦੇਹ ਹੋਵੇਗਾ। ਇਸ ਲਈ ਸਮਾਜ ਦੇ ਹਰੇਕ ਹਿੱਸੇ ਨੂੰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਘਰਸ਼ੀ ਲੋਕਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਹਿੱਤਾਂ,ਸਿਹਤ ਅਤੇ ਸਿੱਖਿਆ ਜਿਹੀਆਂ ਸੁਵਿਧਾਵਾਂ ਨੂੰ ਆਮ ਲੋਕਾਂ ਲਈ ਬਚਾਇਆ ਜਾ ਸਕੇ।ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੂੰ ਜਨਤਾ ਦਰਬਾਰ ਚ ਆ ਕੇ ਤਰਕ ਸਹਿਤ ੬੫% ਤਨਖਾਹ ਕਟੌਤੀ ਦਾ ਜਵਾਬ ਦੇਣ ਲਈ ਆਮੋ ਸਾਹਮਣੇ ਹੋਣ ਦਾ ਓਪਨ ਚੈਲੇਂਜ ਵੀ ਕੀਤਾ ਗਿਆ ।ਇਸ ਮੌਕੇ ਹਰਜੀਤ ਸਿੰਘ ਜੀਦਾ,ਰਮੇਸ਼ ਕੁਮਾਰ ਫਾਜਿਲਕਾ,ਰਾਜਵੀਰ ਸਿੰਘ ਸਮਰਾਲਾ, ਤਲਵਿੰਦਰ ਸਿੰਘ ਮਾਨਸਾ,ਸਤਨਾਮ ਸਿੰਘ ਫਤਿਹਗੜ੍ਹ,ਗਗਨਦੀਪ ਸੰਗਰੂਰ,ਬਲਜੀਤ ਚੁੰਬਰ ਮੋਹਾਲੀ,ਮੁਨੀਸ਼ ਮਿਗਲਾਨੀ,ਮਨਪ੍ਰੀਤ ਮੋਹਾਲੀ,ਸ਼ਮਿੰਦਰ ਸਿੰਘ,ਸੁਖਵਿੰਦਰ ਸਿੰਘ ਰੋਪੜ,ਅਪਰਅਪਾਰ ਸਿੰਘ ਬਠਿੰਡਾ,ਰਤਨਜੋਤ ਸ਼ਰਮਾ,ਭੁਪਿੰਦਰ ਦੁੱਗਲ ਫ਼ਰੀਦਕੋਟ,ਅਮਰਿੰਦਰ ਸਿੰਘ ਫਤਿਹਗੜ੍ਹ,ਗਗਨਦੀਪ ਸਿੰਘ ਰੌਂਤਾ ਲੁਧਿਆਣਾ,ਸੁਭਾਸ਼ ਚੰਦਰ ਗੁਰਦਾਸਪੁਰ,ਜਸਵਿੰਦਰ ਸਿੰਘ,ਦਲਜੀਤ ਸਿੰਘ ਖਾਲਸਾ,ਗੁਰਪਿਆਰ ਸਿੰਘ, ਗਗਨਦੀਪ ਪਾਹਵਾ,ਪਵਨ ਧੂਰੀ,ਅਸ਼ੋਕ ਸਿੰਘ ਖਾਲਸਾ,ਚਰਨਜੀਤ ਸਿੰਘ,ਦਰਸ਼ਨ ਸਿੰਘ, ਕੁਲਦੀਪਇੰਦਰ ਸਿੰਘ ,ਰਕੇਸ਼ ਕੁਮਾਰ,ਮਨਰਾਜ ਸਿੰਘ,ਅੰਕੁਸ਼ ਸ਼ਰਮਾ ਆਦਿ ਅਧਿਆਪਕ ਆਗੂ ਹਾਜ਼ਰ ਸਨ ।