ਚੰਡੀਗੜ੍ਹ, ਪੰਜਾਬ ਮੰਤਰੀ ਮੰਡਲ ਨੇ ਕਿਰਗਿਜ਼ਸਤਾਨ ਦੇ ਬਿਸ਼ਕੇਕ ਵਿੱਚ ਹੋਈ ਏਸ਼ੀਅਨ ਰੈਸਲਿੰਗ ਚੈਂਪੀਅਨ ’ਚ ਸੋਨ ਤਗ਼ਮਾ ਜੇਤੂ ਪਹਿਲਵਾਨ ਨਵਜੋਤ ਕੌਰ ਨੂੰ ਢੁੱਕਵੀਂ ਸਰਕਾਰੀ ਨੌਕਰੀ ਦੇਣ ਤੋਂ ਇਲਾਵਾ ਪੰਜ ਲੱਖ ਰੁਪਏ ਨਗ਼ਦ ਇਨਾਮ ਦੇਣ ਦਾ ਫ਼ੈਸਲਾ ਵੀ ਕੀਤਾ ਹੈ।
ਸ਼ਾਨਦਾਰ ਕਾਰਗੁਜ਼ਾਰੀ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਖਿਡਾਰਨ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।  ਸੂਬੇ ਦਾ ਮਾਣ ਵਧਾਉਣ ਅਤੇ ਚੈਂਪੀਅਨਸ਼ਿਪ ਦੇ 65 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦੀ ਪਹਿਲੀ ਔਰਤ ਦਾ ਮਾਣ ਪ੍ਰਾਪਤ ਕਰਨ ਵਾਲੀ ਨਵਜੋਤ ਕੌਰ ਦੀ ਮੰਤਰੀ ਮੰਡਲ ਵੱਲੋਂ ਪ੍ਰਸ਼ੰਸਾ ਕੀਤੀ ਗਈ। ਕੈਪਟਨ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖਿਡਾਰੀਆਂ ਨੂੰ ਸਨਮਾਨ ਦੇਣ ਲਈ ਵਿਆਪਕ ਨੀਤੀ ਤਿਆਰ ਕਰਨ ਅਤੇ ਵੱਖ-ਵੱਖ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨੌਕਰੀ ਦੇ ਮੌਕੇ ਮੁਹੱਈਆ ਕਰਵਾਉਣ ਬਾਰੇ ਵਿਸ਼ੇਸ਼ ਤੌਰ ’ਤੇ ਮਾਪਦੰਡਾਂ ਤਿਆਰ ਕਰਨ।