ਚੰਡੀਗੜ੍ਹ, 31 ਜਨਵਰੀ:

ਸੂਬੇ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿਚ ਹਜ਼ਾਰਾਂ ਏਕੜ ਜ਼ਮੀਨ ਖਾਰੇਪਣ ਅਤੇ ਸੇਮ ਤੋਂ ਪ੍ਰਭਾਵਿਤ ਹੈ, ਜੋ ਕਿ ਹੁਣ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੇਂਡੂ ਵਿਕਾਸ ਅਤੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਖਾਰੇਪਣ ਕਾਰਨ ਅਜਿਹੇ ਖੇਤਰਾਂ ਵਿੱਚ ਕਿਸੇ ਵੀ ਫਸਲ ਦੀ ਕਾਸ਼ਤ ਕਰਨਾ ਬਹੁਤ ਮੁਸ਼ਕਲ ਹੈ ਪਰ ਮੱਛੀ ਪਾਲਣ ਵਿਭਾਗ ਦੇ ਉਪਰਾਲੇ ਸਦਕਾ ਖਾਰੇਪਣ ਤੇ ਸੇਮ ਨਾਲ ਪ੍ਰਭਾਵਿਤ ਇਹ ਜ਼ਮੀਨ ਝੀਂਗਾ ਮੱਛੀ ਪਾਲਣ ਲਈ ਵਰਦਾਨ ਸਾਬਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਇਨ੍ਹਾਂ ਖੇਤਰਾਂ ਵਿੱਚ ਝੀਂਗਾ ਮੱਛੀ ਪਾਲਣ ਨੂੰ ਉਤਸ਼ਾਹਤ ਕਰਨ ਲਈ ਵਚਨਬੱਧ ਹੈ ਅਤੇ ਇਨ੍ਹਾਂ ਯਤਨਾਂ ਅਤੇ ਵਿਭਾਗ ਦੀ ਵਿੱਤੀ ਤੇ ਤਕਨੀਕੀ ਸਹਾਇਤਾ ਸਦਕਾ ਝੀਂਗਾ ਮੱਛੀ ਪਾਲਣ ਅਧੀਨ ਰਕਬਾ ਸਾਲ 2019-20 ਦੌਰਾਨ ਵਧ ਕੇ 410 ਏਕੜ ਹੋ ਗਿਆ ਹੈ ਜੋ ਕਿ ਸਾਲ 2018-19 ਵਿੱਚ 252 ਏਕੜ ਸੀ।

ਮੰਤਰੀ ਨੇ ਅੱਗੇ ਕਿਹਾ ਕਿ ਸਾਲ 2018- 19 ਦੌਰਾਨ 520 ਟਨ ਝੀਂਗਾ ਮੱਛੀ ਦੀ ਪੈਦਾਵਾਰ ਹੋਈ ਜੋ ਸਾਲ 2019-20 ਦੌਰਾਨ ਵੱਧ ਕੇ 750 ਟਨ ਦਾ ਅੰਕੜਾ ਪਾਰ ਕਰ ਗਈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ 1 ਏਕੜ ਰਕਬੇ ਵਿਚ ਝੀਂਗਾ ਮੱਛੀ ਪਾਲਣ ਤੋਂ 120 ਦਿਨਾਂ ਵਿੱਚ 3 ਤੋਂ 5 ਲੱਖ ਰੁਪਏ ਦਾ ਮੁਨਾਫ਼ਾ ਕਮਾ ਸਕਦੇ ਹਨ।

ਸ. ਬਾਜਵਾ ਨੇ ਕਿਹਾ, “ਮੱਛੀ ਪਾਲਣ ਵਿਭਾਗ ਵੱਲੋਂ ਕਿਸਾਨਾਂ ਨੂੰ ਝੀਂਗਾ ਮੱਛੀ ਪਾਲਣ ਲਈ ਉਨ੍ਹਾਂ ਦੀ ਆਪਣੀ ਮਲਕੀਅਤ ਵਾਲੀ ਜ਼ਮੀਨ ‘ਤੇ 2.5 ਏਕੜ ਰਕਬੇ ਤੱਕ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਸੀ ਅਤੇ ਹੁਣ ਸੂਬਾ ਸਰਕਾਰ ਨੇ ਵੱਡੇ ਪੱਧਰ ‘ਤੇ ਝੀਂਗਾ ਮੱਛੀ ਪਾਲਣ ਨੂੰ ਹੋਰ ਪ੍ਰਫੁਲਿੱਤ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਹੁਣ ਕਿਸਾਨਾਂ ਨੂੰ ਝੀਂਗਾ ਮੱਛੀ ਪਾਲਣ ਲਈ ਵਿੱਤੀ ਸਹਾਇਤਾ 2.5 ਏਕੜ ਤੋਂ ਵਧਾ ਕੇ 5 ਏਕੜ ਤੱਕ ਕਰ ਦਿੱਤੀ ਗਈ ਹੈ।” ਉਹਨਾਂ ਅੱਗੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਆਪਣੀ ਜ਼ਮੀਨ ਨਹੀਂ ਹੈ, ਉਹ ਘੱਟੋ-ਘੱਟ 10 ਸਾਲਾਂ ਲਈ ਠੇਕੇ ‘ਤੇ ਜ਼ਮੀਨ ਲੈ ਕੇ ਝੀਂਗਾ ਮੱਛੀ ਦੀ ਕਾਸ਼ਤ ਕਰ ਸਕਦੇ ਹਨ।

       ਮੰਤਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਅਫਸਰਾਂ ਦੀ ਸਲਾਹ ਨਾਲ ਤਕਨੀਕੀ ਢੰਗ ਤਰੀਕੇ ਅਪਣਾ ਕੇ ਝੀਂਗਾ ਮੱਛੀ ਦੀ ਕਾਸ਼ਤ ਨੂੰ ਵੱਧ ਤੋਂ ਵੱਧ ਅਪਣਾਉਣ ਤਾਂ ਜੋ ਖਾਰੇਪਣ ਕਾਰਨ ਬੇਕਾਰ ਪਈਆਂ ਅਜਿਹੀਆਂ ਜ਼ਮੀਨਾਂ ਤੋਂ ਵਧੀਆ ਕਮਾਈ ਹੋ ਸਕੇ। ਉਹਨਾਂ ਅੱਗੇ ਕਿਹਾ ਕਿ ਮੱਛੀ ਪਾਲਣ ਵਿਭਾਗ ਵਲੋਂ ਝੀਂਗਾ ਮੱਛੀ ਪਾਲਣ ਲਈ ਬਣਦੀ ਹਰ ਮਦਦ ਪ੍ਰਦਾਨ ਕੀਤੀ ਜਾਵੇਗੀ।