ਚੰਡੀਗੜ੍ਹ,  ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਮੰਦੇਹਾਲ ਰੀਅਲ ਅਸਟੇਟ ਨੂੰ ਹੁਲਾਰਾ ਦੇਣ ਲਈ ਸ਼ਹਿਰਾਂ ’ਚ ਅਸ਼ਟਾਮ ਡਿਊਟੀ 9 ਤੋਂ ਘਟਾ ਕੇ 6 ਫ਼ੀਸਦ ਕਰਨ ਬਾਅਦ ਹੁਣ ਸ਼ਹਿਰਾਂ ਵਿੱਚ ਕੁਲੈਕਟਰ ਰੇਟ ਪੰਜ ਫ਼ੀਸਦ ਅਤੇ ਪਿੰਡਾਂ ਵਿੱਚ ਦਸ ਫ਼ੀਸਦ ਤਕ ਘਟਾ ਦਿੱਤੇ ਹਨ। ਕੁਲੈਕਟਰ ਰੇਟ ਘਟਾਉਣ ਦੇ ਫੈ਼ਸਲੇ ਨਾਲ ਪਿੰਡਾਂ ਵਿੱਚ ਜਿਹੜੀ ਜ਼ਮੀਨ ਦੀ ਕੀਮਤ ਦਸ ਲੱਖ ਰੁਪਏ ਏਕੜ ਸੀ, ਉਸ ਦੇ ਭਾਅ ’ਚ ਇਕ ਲੱਖ ਦੀ ਕਮੀ ਆਵੇਗੀ। ਇਸ ਨਾਲ ਜ਼ਮੀਨ ਦੀ ਖਰੀਦ-ਵੇਚ ’ਚ ਤੇਜ਼ੀ ਆਉਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੀ ਨੋਟਬੰਦੀ ਨੇ ਪਹਿਲਾਂ  ਸਾਰਾ ਕਾਰੋਬਾਰ ਹਿਲਾ ਦਿੱਤਾ ਅਤੇ ਅਜੇ ਕੰਮ ਰਾਸ  ਆਉਣ ਲੱਗਾ  ਸੀ ਉਪਰੋਂ ਜੀਐਸਟੀ ਲਾਗੂ ਕਰ ਦਿੱਤਾ। ਇਸ ਕਾਰਨ ਨਿਵੇਸ਼ ਦਾ ਮਾਹੌਲ ਹੀ ਨਹੀਂ ਬਣ ਰਿਹਾ ਬਲਕਿ ਪਹਿਲਾਂ ਵਾਲੇ ਕਾਰੋਬਾਰ ਨੂੰ ਚਲਾਉਣਾ ਔਖਾ ਹੋਇਆ ਪਿਆ ਹੈ।