ਬਠਿੰਡਾ, 27  ਅਪ੍ਰੈਲ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਕਦਮੀ ਨਾਲ ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ਵਿਚ ਫਸੇ ਹੋਏ ਪੰਜਾਬ ਦੇ 152 ਵਿਦਿਆਰਥੀ ਅੱਜ ਵਾਪਸ ਪੰਜਾਬ ਪਰਤੇ। ਬਠਿੰਡਾ ਜਿ਼ਲ੍ਹੇ ਦੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬਾਰਡਰ ਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੇ ਇੰਨ੍ਹਾਂ ਵਿਦਿਆਰਥੀਆਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇੰਨ੍ਹਾਂ ਦੇ ਪਿੱਤਰੀ ਜਿ਼ਲ੍ਹਿਆਂ ਲਈ ਰਵਾਨਾ ਕੀਤਾ।

ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਜਿ਼ਲ੍ਹੇ ਦੀ ਹੱਦ ਤੇ ਬੱਸਾਂ ਵਿਚ ਆਏ ਵਿਦਿਆਰਥੀਆਂ ਦੇ ਮੈਡੀਕਲ ਚੈਕਅੱਪ ਤੋਂ ਇਲਾਵਾ ਇੰਨ੍ਹਾਂ ਨੂੰ ਨਾਸਤਾ ਦਿੱਤਾ ਗਿਆ। ਇੱਥੋਂ ਪੀਆਰਟੀਸੀ ਦੀਆਂ ਬੱਸਾਂ ਵਿਚ ਇੰਨ੍ਹਾਂ ਵਿਦਿਆਰਥੀਆਂ ਨੂੰ ਇੰਨ੍ਹਾਂ ਦੇ ਜਿ਼ਲ੍ਹਿਆਂ ਲਈ ਰਵਾਨਾ ਕੀਤਾ ਗਿਆ।

ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਘਰ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕਰਨ ਅਤੇ ਅੰਤਰਰਾਜੀ ਹੱਦ ਤੋਂ ਘਰਾਂ ਤੱਕ ਪੀਆਰਟੀਸੀ ਦੀਆਂ ਬੱਸਾਂ ਮੁਹਈਆ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

ਬਠਿੰਡਾ ਰਾਸਤੇ ਪੰਜਾਬ ਪਰਤੇ ਇੰਨ੍ਹਾਂ ਵਿਦਿਆਰਥੀਆਂ ਵਿਚ ਬਠਿੰਡੇ ਦੇ 24 ਵਿਦਿਆਰਥੀਆਂ ਤੋਂ ਇਲਾਵਾ ਬਰਨਾਲੇ ਦਾ ਇਕ, ਲੁਧਿਆਣਾ ਦੇ 25, ਹੁਸਿ਼ਆਰਪੁਰ ਦੇ 2, ਤਰਨਤਾਰਨ ਦਾ ਇਕ, ਸ੍ਰੀ ਅੰਮ੍ਰਿਤਸਰ ਸਾਹਿਬ ਦੇ 9, ਗੁਰਦਾਸਪੁਰ ਦੇ 13, ਪਠਾਨਕੋਟ ਦੇ 16, ਫਰੀਦਕੋਟ ਦੇ 2, ਫਿਰੋਜ਼ਪੁਰ ਦੇ 6, ਸ੍ਰੀ ਮੁਕਤਸਰ ਸਾਹਿਬ ਦੇ 2, ਫਾਜਿ਼ਲਕਾ ਦੇ 14, ਮੋਗਾ ਦਾ 1, ਜਲੰਧਰ ਦੇ 10, ਕਪੂਰਥਲਾ ਦੇ 4, ਮਾਨਸਾ ਦੇ 5, ਸੰਗਰੂਰ ਦੇ 2, ਪਟਿਆਲਾ ਦੇ 4, ਫਤਿਹਗੜ੍ਹ ਸਾਹਿਬ ਦੇ 3, ਰੁਪਨਗਰ ਦੇ 2, ਮੋਹਾਲੀ ਦੇ 2 ਅਤੇ ਚੰਡੀਗੜ੍ਹ ਦੇ 4 ਵਿਦਿਆਰਥੀ ਸ਼ਾਮਿਲ ਹਨ।ਇਸ ਮੌਕੇ ਤਲਵੰਡੀ ਸਾਬੋ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਰਾਸਤੇ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ। 

ਇਸ ਮੌਕੇ ਅੰਤਰਰਾਜੀ ਸਰੱਹਦ ਤੇ ਆਉਣ ਵਾਲੇ ਵਿਦਿਆਰਥੀਆਂ ਦੀ ਬਿਨ੍ਹਾਂ ਮੁਸਕਿਲ ਦਾਖਲੇ ਅਤੇ ਮੈਡੀਕਲ ਟੈਸਟ ਆਦਿ ਦੀ ਨਿਗਰਾਨੀ ਕਰ ਰਹੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੌਕੇ ਨੌਜਵਾਨ ਵੇਲਫੇਅਰ ਸੁਸਾਇਟੀ ਵੱਲੋਂ ਵਿਦਿਆਰਥੀਆਂ ਲਈ ਨਾਸਤਾ ਵਰਤਾਇਆ ਗਿਆ।