ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਧੋਖਾਧੜੀ ‘ਚ ਸ਼ਾਮਿਲ ਕਿਸੇ ਵੀ ਵਿਅਕਤੀ ਜਾਂ ਅਧਿਕਾਰੀ ਨੂੰ ਨਹੀਂ ਬਖਸ਼ਿਆ ਜਾ ਰਿਹਾ ਹੈ। ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ‘ਤੇ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਮਾਮਲੇ ਵਿੱਚ ਗਾਜ ਡਿੱਗੀ ਹੈ। ਐਕਸੀਅਨ, ਐਸਡੀਓ ਅਤੇ ਜੇਈ ਸਮੇਤ ਸੱਤ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੇ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਹਨ।
ਦੱਸ ਦਈਏ ਕਿ ਦਸਿਆ ਜਾਂਦਾ ਹੈ ਕਿ ਇਹ ਕਾਰਵਾਈ ਟਰੱਸਟ ਦੇ ਅੰਦਰ 52 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ਇਸਤੋਂ ਪਹਿਲਾਂ ਇਸ ਮਾਮਲੇ ਵਿੱਚ ਵਿਜੀਲੈਂਸ ਐਸਐਸਪੀ ਲਖਵੀਰ ਸਿੰਘ ਨੂੰ ਵੀ ਮੁਅੱਤਲ ਕੀਤਾ ਗਿਆ ਸੀ। ਸਰਕਾਰ ਵੱਲੋਂ ਮੁਅੱਤਲ ਕੀਤੇ ਅਧਿਕਾਰੀਆਂ ‘ਚ ਸੰਤਭੂਸ਼ਣ ਸਚਦੇਵਾ ਸੁਪਰਡੈਂਟ ਇੰਜੀ, ਐਕਸੀਅਨ ਰਮਿੰਦਰਪਾਲ ਸਿੰਘ, ਕਾਰਜਕਾਰੀ ਇੰਜੀਨੀਅਰ ਬਿਕਰਮ ਸਿੰਘ, ਐਸ.ਡੀ.ਓ. ਸੁਖਰਿਪਨ ਪਾਲ ਸਿੰਘ, ਐਸ.ਡੀ.ਓ. ਸ਼ੁਭਮ ਸਿੰਘ, ਜੇਈ ਮਨਪ੍ਰੀਤ ਸਿੰਘ, ਮਨਦੀਪ ਸਿੰਘ ਸ਼ਾਮਿਲ ਹਨ
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਪੌਸ਼ ਇਲਾਕਿਆਂ ‘ਚੋ ਇਕ ਰਣਜੀਤ ਐਵੇਨਿਊ ਵਿੱਚ ਵਿਕਾਸ ਕਾਰਜਾਂ ਲਈ ₹52 ਕਰੋੜ ਦਾ ਟੈਂਡਰ ਨਗਰ ਸੁਧਾਰ ਟਰੱਸਟ ਦੁਆਰਾ ਪਾਸ ਕੀਤਾ ਗਿਆ ਸੀ। ਇਹ ਟੈਂਡਰ ਅੰਮ੍ਰਿਤਸਰ ਦੇ ਇੱਕ ਨਾਮੀ ਠੇਕੇਦਾਰ ਨੂੰ ਦਿੱਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਟੈਂਡਰ ਜਾਰੀ ਕਰਦੇ ਸਮੇਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਟੈਂਡਰ ਇਕਪਾਸੜ ਤੌਰ ‘ਤੇ ਦਿੱਤਾ ਗਿਆ। ਸ਼ਿਕਾਇਤ ਤੋਂ ਬਾਅਦ, ਜਾਂਚ ਸ਼ੁਰੂ ਕੀਤੀ ਗਈ ਸੀ।
ਸੀਗਲ ਇੰਡੀਆ ਲਿਮਟਿਡ ਨੇ ਮੁੱਖ ਸਕੱਤਰ ਕੋਲ ਸ਼ਿਕਾਇਤ ਦਰਜ ਕਰਵਾਈ। ਇਸਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਚਾਰ ਮੈਂਬਰੀ ਕਮੇਟੀ ਬਣਾਈ ਅਤੇ ਜਾਂਚ ਸੌਂਪੀ। ਮੁੱਖ ਸਕੱਤਰ ਨੂੰ ਜਾਂਚ ਰਿਪੋਰਟ ਸੌਂਪਣ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨੇ ਕਾਰਵਾਈ ਕੀਤੀ।
ਬੀਤੀ ਦਿਨੀ ਹੀ ਸਰਕਾਰ ਨੇ ਅੰਮ੍ਰਿਤਸਰ ਵਿੱਚ ਤਾਇਨਾਤ ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਸੰਜੀਵ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਸੀ। ਲਖਬੀਰ ਸਿੰਘ ਨੂੰ ਇਸ ਸਾਲ ਅਪ੍ਰੈਲ ਵਿੱਚ ਹੀ ਐਸਐਸਪੀ ਵਿਜੀਲੈਂਸ ਨਿਯੁਕਤ ਕੀਤਾ ਗਿਆ ਸੀ।














