ਬਠਿੰਡਾ, 26 ਮਾਰਚ : ਪੰਜਾਬ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਜ਼ਿਲੇ ਦੇ ਸੀਨਿਅਰ ਅਧਿਕਾਰੀਆਂ ਨਾਲ ਕਰੋਨਾ ਕਾਰਨ ਲਗਾਏ ਕਰਫਿਊ ਦੇ ਮੱਦੇਨਜ਼ਰ ਪੈਦਾ ਹੋਈਆਂ ਸਥਿਤੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਦੱਸਿਆ ਕਿ ਸੂਬਾ ਸਰਕਾਰ ਲੋਕਾਂ ਤੱਕ ਬੁਨਿਆਦੀ ਵਸਤਾਂ ਦੀ ਪਹੁੰਚ ਯਕੀਨੀ ਬਣਾਏਗੀ। 

ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਮੈਡੀਕਲ ਕੌਂਸਲ ਤੋਂ ਮਾਨਤਾ ਡਾਕਟਰ ਆਪਣੇ ਕਲੀਨਿਕ ਤੇ ਬੈਠ ਕੇ ਜਾਂ ਮਰੀਜ ਦੇ ਘਰ ਜਾ ਕੇ ਇਲਾਜ ਕਰ ਸਕਦੇ ਹਨ। ਇਸ ਤੋਂ ਬਿਨਾਂ ਦੁੱਧ, ਰਾਸ਼ਨ, ਸਬਜੀ, ਜਾਨਵਰਾਂ ਦੀ ਫੀਡ ਅਤੇ ਚਾਰਾ ਆਦਿ ਬੁਨਿਆਦੀ ਵਸਤਾਂ ਦੀ ਢੋਆ ਢੁਆਈ ਤੇ ਕੋਈ ਰੋਕ ਨਹੀਂ ਲਗਾਈ ਜਾਰ ਰਹੀ ਹੈ। ਪਰ ਇੰਨਾਂ ਵਸਤਾਂ ਦੀ ਘਰਾਂ ਤੱਕ ਸਪਲਾਈ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਬਿਨਾਂ ਪ੍ਰਸ਼ਾਸਨ ਵੱਲੋਂ ਪਹਿਚਾਣੇ ਗਏ 5000 ਪਰਿਵਾਰਾਂ ਤੱਕ ਰਾਸ਼ਨ ਦੇ ਪੈਕਟ ਹਰ ਹਫਤੇ ਤਿੰਨ ਹਫਤਿਆਂ ਤੱਕ ਵੰਡੇ ਜਾਣਗੇ ਤਾਂ ਜੋ ਕੋਈ ਵੀ ਵਿਅਕਤੀ ਭੁੱਖਾ ਨਾ ਸੌਵੇਂ। ਇਸ ਤੋਂ ਬਿਨਾਂ ਦਵਾਈਆਂ, ਸਬਜੀਆਂ, ਰਾਸ਼ਨ, ਦੁੱਧ ਦੀ ਘਰੋ ਘਰੀ ਸਪਲਾਈ ਕਰਨ ਲਈ ਕੀਤੀ ਵਿਵਸਥਾ ਤਹਿਤ ਸਪਲਾਈ ਹੋਰ ਵਧਾਈ ਜਾਵੇਗੀ ਤਾਂ ਜੋ ਹਰ ਘਰ ਤੱਕ ਜਰੂਰਤ ਅਨੁਸਾਰ ਸਮਾਨ ਦੀ ਪਹੁੰਚ ਹੋ ਸਕੇ। ਇਸ ਤੋਂ ਬਿਨਾਂ ਮੋਬਾਇਲ ਲੰਗਰ ਵੀ ਚਲਾਏ ਜਾ ਰਹੇ ਹਨ ਅਤੇ ਗੈਸ ਦੀ ਸਪਲਾਈ ਵੀ ਸ਼ੁਰੂ ਹੋ ਚੁੱਕੀ ਹੈ। 

ਇਸ ਮੌਕੇ ਉਨਾਂ ਨੇ ਦੱਸਿਆ ਕਿ ਫਿਲਹਾਲ ਜ਼ਿਲੇ ਵਿਚ ਕਰੋਨਾ ਦਾ ਕੋਈ ਵੀ ਸੱਕੀ ਜਾਂ ਪੱਕਾ ਮਰੀਜ ਨਹੀਂ ਹੈ। ਉਨਾਂ ਨੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਆਫਤ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਹਰ ਤਿਆਰੀ ਕੀਤੀ ਹੋਈ ਹੈ। 

 ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਿੱਥੇ ਹਰੇਕ ਜ਼ਿਲੇ ਨੂੰ ਇਸ ਕੁਦਰਤੀ ਆਫਤ ਨਾਲ ਨਿਪਟਨ ਲਈ 1 1 ਕਰੋੜ ਰੁਪਏ ਦਿੱਤੇ ਗਏ ਹਨ ਉਥੇ ਹੀ ਬਠਿੰਡੇ ਦੇ ਦਾਨੀ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਇਕ ਜ਼ਿਲਾ ਪੱਧਰ ਤੇ ਵੀ ਪ੍ਰਸਾਸ਼ਨ ਵੱਲੋਂ ਫੰਡ ਸਥਾਪਿਤ ਕੀਤਾ ਜਾ ਰਿਹਾ ਹੈ ਜਿੱਥੇ ਲੋਕ ਆਪਣੀ ਇੱਛਾ ਅਨੁਸਾਰ ਲੋੜਵੰਦ ਲੋਕਾਂ ਤੱਕ ਪ੍ਰਭਾਵੀ ਤਰੀਕੇ ਨਾਲ ਮਦਦ ਪੁੱਜਦੀ ਕਰਨ ਲਈ ਸਹਾਇਤ ਰਾਸ਼ੀ ਆਨਲਾਈਨ ਜਮਾਂ ਕਰਵਾ ਸਕਨਣਗੇ। ਇਸ ਮੀਟਿੰਗ ਦੌਰਾਨ ਮੌਕੇ ਤੇ ਹੀ ਕੈਬਨਿਟ ਮੰਤਰੀ ਦੇ ਖੁਦ ਸਮੇਤ ਸ੍ਰੀ ਸਨਾਤਨ ਧਰਮ ਮਹਾਵੀਰ ਦਲ, ਬਲਜਿੰਦਰ ਸਿੰਘ ਠੇਕੇਦਾਰ ਆਦਿ ਤੋਂ ਕੁੱਲ 10 ਲੱਖ ਰੁਪਏ ਦਾ ਦਾਨ ਇਸ ਫੰਡ ਲਈ ਪ੍ਰਾਪਤ ਹੋਇਆ।

ਇਸ ਮੌਕੇ ਉਨਾਂ ਨੇ ਜ਼ਿਲੇ ਦੇ ਜਾਂ ਜ਼ਿਲੇ ਵਿਚ ਫਸੇ ਵਿਦਿਆਥੀਆਂ ਦੀ ਘਰ ਤੱਕ ਪਹੁੰਚ ਯਕੀਨੀ ਬਣਾਊਣ ਦਾ ਭਰੋਸਾ ਵੀ ਇਸ ਮੌਕੇ ਦਿੱਤਾ। ਇਸ ਮੌਕੇ ਕਰੋਨਾ ਦੀ ਬਿਮਾਰੀ ਦੀ ਰੋਕਥਾਮ ਵਿਚ ਲੱਗੇ ਸਮੂਚੇ ਸਿਹਤ ਅਮਲੇ, ਸਫਾਈ ਕਰਮੀਆਂ, ਪੁਲਿਸ ਦੇ ਯਤਨਾਂ ਲਈ ਉਨਾਂ ਦੀ ਸਲਾਘਾ ਵੀ ਕੀਤੀ। 

ਇਸ ਮੌਕੇ ਸ: ਬਾਦਲ ਨੇ ਸਮੂਹ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਇਸ ਸੰਕਟ ਦੀ ਘੜੀ ਵਿਚ ਪੰਜਾਬ ਸਰਕਾਰ ਉਨਾਂ ਦੇ ਨਾਲ ਹੀ ਪਰ ਪੂਰੀ ਮਨੁੱਖਤਾ ਤੇ ਆਏ ਇਸ ਸੰਕਟ ਨੂੰ ਅਸੀਂ ਸਭ ਨੇ ਮਿਲ ਕੇ ਰੋਕਣਾ ਹੈ। ਉਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਸਿਹਤ ਮਾਹਿਰਾਂ ਦੀ ਗੱਲ ਮੰਨਦੇ ਹੋਏ ਕਰਫਿਊ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਆਪਸੀ ਸੰਪਰਕ ਨੂੰ ਬਿਲਕੁਲ ਬੰਦ ਕਰ ਦੇਣ ਤਾਂ ਜੋ ਇਸ ਬਿਮਾਰੀ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨਾਂ ਨੇ ਕਿਹਾ ਕਿ ਹਰ ਇਕ ਨਾਗਰਿਕ ਨੂੰ ਇਸ ਵਿਚ ਆਪਣਾ ਸਹਿਯੋਗ ਕਰਨਾ ਚਾਹੀਦਾ ਹੈ। 

ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ, ਐਸਡੀਐਮ ਅਮਰਿੰਦਰ ਸਿੰਘ ਟਿਵਾਣਾ,  ਸਿਵਲ ਸਰਜਨ ਡਾ: ਅਮਰੀਕ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਕੇਕੇ ਅਗਰਵਾਲ, ਕਾਂਗਰਸ ਸ਼ਹਿਰੀ ਪ੍ਰਧਾਨ ਸ੍ਰੀ ਅਰੁਣ ਵਧਾਵਨ, ਸ: ਜਗਰੂਪ ਸਿੰਘ ਗਿੱਲਸ੍ਰੀ ਅਨਿਲ ਭੋਲਾ, ਸ੍ਰੀ ਰਾਜਨ ਗਰਗ, ਮੋਹਨ ਲਾਲ ਝੂੰਬਾ, ਸ੍ਰੀ ਪਵਨ ਮਾਨੀ, ਅਸੋਕ ਪ੍ਰਧਾਨ, ਟਹਿਲ ਸਿੰਘ ਸੰਧੂ ਆਦਿ ਵੀ ਹਾਜਰ ਸਨ।