ਚੰਡੀਗੜ੍ਹ, ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਬਹਿਸ ਦੌਰਾਨ 19 ਅਕਤੂਬਰ ਨੂੰ ਦੀਵਾਲੀ ਮੌਕੇ ਚੱਲਣ ਵਾਲੇ ਪਟਾਕਿਆਂ ਨਾਲ ਹਵਾ ਅਤੇ ਆਵਾਜ਼ ਪ੍ਰਦੂਸ਼ਣ ਵਧਣ ਦਾ ਮਾਮਲਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਟਾਕੇ ਚਲਾਉਣ ਦਾ ਰਿਵਾਜ ਦੀਵਾਲੀ ਤੋਂ ਵਧਦਾ ਹੋਇਆ ਵਿਆਹਾਂ, ਚੋਣ ਜਸ਼ਨਾਂ ਤੇ ਲੋਕ ਸਮਾਗਮਾਂ ਵਿੱਚ ਵੀ ਪੈ ਗਿਆ ਹੈ।
ਪ੍ਰਦੂਸ਼ਣ ਦੇ ਮੱਦੇਨਜ਼ਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸ਼ਾਮ 6.30 ਤੋਂ 9.30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜ਼ਾਜਤ ਦਿੱਤੀ ਹੈ ਅਤੇ ਦੀਵਾਲੀ ਤੋਂ ਇਲਾਵਾ ਹੋਰਾਂ ਸਮਾਗਮਾਂ ਵਿੱਚ ਪਟਾਕੇ ਚਲਾਉਣ ਬਾਰੇ ਸੁਣਵਾਈ 26 ਅਕਤੂਬਰ ਨੂੰ ਹੋਵੇਗੀ। ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਾਈ ਕੋਰਟ ਦੇ ਹੁਕਮਾਂ ’ਤੇ ਸਖ਼ਤੀ ਨਾਲ ਅਮਲ ਕੀਤਾ ਜਾ ਰਿਹਾ ਹੈ। ਬੋਰਡ ਨੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਵੱਡੇ ਪਟਾਕੇ ਚਲਾਉਣ ’ਤੇ ਰੋਕ ਅਤੇ ਦੀਵਾਲੀ ਵਾਲੇ ਦਿਨ ਤੈਅ ਸਮੇਂ ਤੋਂ ਬਾਅਦ ਪਟਾਕੇ ਨਾ ਚਲਾਉਣ ਦੇਣ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਦੀਵਾਲੀ ਤੋਂ ਇਕ ਦਿਨ ਪਹਿਲਾਂ ਅਤੇ ਦੀਵਾਲੀ ਵਾਲੀ ਰਾਤ ਵਿਚਕਾਰ ਹਵਾ ਦੀ ਗੁਣਵੱਤਾ ਅਤੇ ਆਵਾਜ਼ ਦਾ ਵਖਰੇਵਾਂ ਸਾਫ਼ ਨਜ਼ਰ ਆਉਂਦਾ ਹੈ। 2016 ਦੀ ਦੀਵਾਲੀ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਰਿਹਾਇਸ਼ੀ ਖੇਤਰਾਂ ਵਿੱਚ ਪੰਜ ਵੱਡੇ ਸ਼ਹਿਰਾਂ ਵਿੱਚੋਂ ਲੁਧਿਆਣਾ ਦੀ ਦੀਵਾਲੀ ਵਾਲੀ ਰਾਤ ਸਭ ਤੋਂ ਪ੍ਰਦੂਸ਼ਿਤ ਰਹੀ। ਆਮ ਦਿਨਾਂ ਵਿੱਚ ਇੱਥੇ ਧੂੜ ਦੇ ਮਹੀਨ ਕਣ (ਰੈਸਪੀਰੇਬਲ ਸਸਪੈਂਡਡ ਪਰਟੀਕੁਲੇਟ ਮੈਟਰ, ਆਰਐਸਪੀਐਮ) 118 ਸੀ। ਇਹ ਮਾਤਰਾ ਦੀਵਾਲੀ ਦੀ ਰਾਤ ਵਧ ਕੇ 316 ਤੱਕ ਪਹੁੰਚ ਗਈ। ਅੰਮ੍ਰਿਤਸਰ ਵਿੱਚ ਇਹ ਕਣ ਆਮ ਦਿਨਾਂ ਦੌਰਾਨ 180 ਤੋਂ ਦੀਵਾਲੀ ਵਾਲੀ ਰਾਤ 270, ਜਲੰਧਰ ਵਿੱਚ 159 ਤੋਂ 247, ਪਟਿਆਲਾ ਵਿੱਚ 130 ਤੋਂ 187 ਅਤੇ ਗੋਬਿੰਦਗੜ੍ਹ ਵਿੱਚ 110 ਤੋਂ 230 ਪਹੁੰਚ ਗਏ ਸਨ। ਦਰਬਾਰ ਸਾਹਿਬ ਕੰਪਲੈਕਸ ਵਿੱਚ ਆਤਿਸ਼ਬਾਜ਼ੀ ਕਾਰਨ ਪ੍ਰਦੂਸ਼ਣ ਦੀ ਮਾਤਰਾ ਸਭ ਤੋਂ ਵੱਧ ਦੇਖਣ ਨੂੰ ਮਿਲੀ। ਆਮ ਦਿਨਾਂ ਵਿੱਚ ਇੱਥੇ ਬਾਰੀਕ ਧੂੜ ਕਣਾਂ ਦੀ ਮਾਤਰਾ 86 ਹੁੰਦੀ ਹੈ, ਪਰ 2016 ਦੀ ਦੀਵਾਲੀ ਵਾਲੇ ਦਿਨ ਇਹ 322 ਤੱਕ ਪਹੁੰਚ ਗਈ। ਬਾਰੀਕ ਧੂੜ ਕਣਾਂ ਦੇ ਵਧਣ ਨਾਲ ਅੱਖਾਂ ਵਿੱਚ ਜਲਣ, ਗੁਰਦਿਆਂ ’ਤੇ ਅਸਰ, ਸਾਹ ਲੈਣ ਵਿੱਚ ਤਕਲੀਫ਼, ਚਮੜੀ ਦੇ ਰੋਗ ਸਣੇ ਕਈ ਸਰੀਰਕ ਤਕਲੀਫ਼ਾਂ ਵਧ ਜਾਂਦੀਆਂ ਹਨ।
ਪੰਜਾਬ ਪਹਿਲਾਂ ਹੀ ਹਵਾ ਗੁਣਵੱਤਾ ਦੇ ਸਬੰਧ ਵਿੱਚ 285 ਭਾਵ ਖ਼ਰਾਬ ਹਵਾ ਵਾਲੇ ਜ਼ੋਨ ਵਿੱਚ ਸ਼ੁਮਾਰ ਹੋ ਚੁੱਕਾ ਹੈ। ਹਵਾ ਦਾ ਆਮ ਤੌਰ ’ਤੇ ਪ੍ਰਵਾਨਯੋਗ ਮੰਨਿਆ ਜਾਣ ਵਾਲਾ ਗੁਣਵੱਤਾ ਸੂਚਕ 100 ਤੋਂ 200 ਦੇ ਵਿਚਕਾਰ ਹੈ, ਪਰ ਸੰਤੋਸ਼ਜਨਕ 100 ਤੱਕ ਦੀ ਹੱਦ ਨੂੰ ਹੀ ਮੰਨਿਆ ਜਾਂਦਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਆਮ ਤੌਰ ’ਤੇ 24 ਘੰਟਿਆਂ ਦਾ ਅਨੁਮਾਨ ਲਾਉਂਦਾ ਹੈ, ਪਰ 2016 ਵਿੱਚ ਰਾਤ ਅੱਠ ਤੋਂ ਸਵੇਰ 2 ਵਜੇ ਤੱਕ ਦੇ 6 ਘੰਟਿਆਂ ਦੌਰਾਨ ਪੰਜਾਬ ਦੀ ਹਵਾ ਦੀ ਗੁਣਵੱਤਾ 497 ਵਾਲੇ ਖ਼ਤਰਨਾਕ ਜ਼ੋਨ ਵਿੱਚ ਪਹੁੰਚ ਗਈ ਸੀ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਵਪਾਰੀਆਂ, ਸਕੂਲ ਮੁਖੀਆਂ ਤੇ ਹੋਰ ਗ਼ੈਰ-ਸਰਕਾਰੀ ਸੰਸਥਾਵਾਂ ਨਾਲ ਮੀਟਿੰਗਾਂ ਕਰ ਕੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਹੁਕਮਾਂ ’ਤੇ ਅਮਲ ਕਰਨ ਨੂੰ ਕਿਹਾ ਹੈ। 14 ਅਕਤੂਬਰ ਨੂੰ ਲਿਖੀ ਇਕ ਹੋਰ ਚਿੱਠੀ ਵਿੱਚ ਡਿਪਟੀ ਕਮਿਸ਼ਨਰ, ਪੁਲੀਸ ਅਧਿਕਾਰੀਆਂ ਤੇ ਹੋਰ ਅਫ਼ਸਰਾਂ ਨੂੰ ਅਦਾਲਤੀ ਹੁਕਮ ਮੁਸਤੈਦੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰਾਂ ਨੇ ਸ਼ਹਿਰਾਂ ਵਿੱਚ 9.30 ਵਜੇ ਤੋਂ ਬਾਅਦ ਧਾਰਾ 144 ਲਾ ਕੇ ਪਟਾਕਿਆਂ ’ਤੇ ਰੋਕ ਨੂੰ ਅਮਲਯੋਗ ਬਣਾਉਣ ਦਾ ਰਾਹ ਅਪਣਾਇਆ ਹੈ। ਇਕ ਡਿਪਟੀ ਕਮਿਸ਼ਨਰ ਨੇ ਅਜਿਹੇ ਹੁਕਮਾਂ ਦੀ ਪੁਸ਼ਟੀ ਕੀਤੀ ਹੈ। ਸੁਪਰੀਮ ਕੋਰਟ ਨੇ 31 ਅਕਤੂਬਰ ਤੱਕ ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ ਵਿੱਚ ਪਟਾਕੇ ਵੇਚਣ ’ਤੇ ਪਾਬੰਦੀ ਲਾਈ ਹੋਈ ਹੈ। ਵਾਤਾਵਰਣ (ਸੁਰੱਖਿਆ) ਨਿਯਮ, 1986 ਅਨੁਸਾਰ 125 ਡੈਸੀਬਲ ਤੋਂ ਵੱਧ ਆਵਾਜ਼ ਕਰਨ ਵਾਲੇ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚ ਆਵਾਜ਼ ਨੂੰ ਮਾਨੀਟਰ ਕਰਨ ਵਾਲੇ ਯੰਤਰ ਉਪਲੱਬਧ ਹਨ। ਸ੍ਰੀ ਪੰਨੂ ਨੇ ਕਿਹਾ ਕਿ ਉਹ ਸੋਮਵਾਰ ਨੂੰ ਗੋਬਿੰਦਗੜ੍ਹ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕਰਨਗੇ ਤੇ ਕੋਸ਼ਿਸ਼ ਕਰਨਗੇ ਕਿ ਗੋਬਿੰਦਗੜ੍ਹ ਨੂੰ ਪਟਾਕਾ ਮੁਕਤ ਸ਼ਹਿਰ ਬਣਾਇਆ ਜਾਵੇ।
ਗ਼ੌਰਤਲਬ ਹੈ ਕਿ ਸੁਪਰੀਮ ਕੋਰਟ ਵੱਲੋਂ 18 ਜੁਲਾਈ 2005 ਦੀ ਜੱਜਮੈਂਟ ਵਿੱਚ 10 ਵਜੇ ਤੋਂ ਬਾਅਦ ਪਟਾਕੇ ਚਲਾਉਣ ’ਤੇ ਰੋਕ ਲਾਈ ਹੋਈ ਹੈ। ਹੁਣ ਹਾਈ ਕੋਰਟ ਨੇ ਇਹ ਸਮਾਂ ਅੱਧਾ ਘੰਟਾ ਹੋਰ ਘਟਾ ਦਿੱਤਾ ਹੈ।