ਜਲੰਧਰ, 31 ਅਗਸਤ
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਡੇਰਾਵਾਦ ਅਕਾਲੀਆਂ ਦੀ ਸਰਪ੍ਰਸਤੀ ਹੇਠ ਹੀ ਵਧਿਆ-ਫੁੱਲਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਡੇਰਿਆਂ ਦੀ ਗਿਣਤੀ ਵਧਣ ਲਈ ਅਜਿਹੀਆਂ ਸਿੱਖ ਸੰਸਥਾਵਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਗ਼ਰੀਬਾਂ ਨੂੰ ਗਲ ਲਾਉਣ ਦੀ ਥਾਂ ਦੂਰੀ ਬਣਾਈ ਰੱਖੀ। ਉਹ ਅੱਜ ਇੱਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਚੰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਵਾਲੀਆਂ ਸਮਕਾਲੀ ਸਿੱਖ ਸੰਸਥਾਵਾਂ ਵੱਲੋਂ ਸਮਾਜ ਦੇ ਗ਼ਰੀਬ ਅਤੇ ਕਮਜ਼ੋਰ ਤਬਕਿਆਂ ਦੀ ਅਣਦੇਖੀ ਕੀਤੀ ਗਈ। ਇਸ ਕਰਕੇ ਹੀ ਸਮਾਜ ਦੇ ਗ਼ਰੀਬ ਤੇ ਕਮਜ਼ੋਰ ਵਰਗਾਂ ਦਾ ਝੁਕਾਅ ਡੇਰਿਆਂ ਵੱਲ ਹੋ ਗਿਆ ਅਤੇ ਇਸ ਰੁਝਾਨ ਨੇ ਸੂਬੇ ਵਿੱਚ ਡੇਰਾਵਾਦ ਨੂੰ ਪ੍ਰਫੁੱਲਿਤ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਵਾਲੀਆਂ ਇਹ ਸੰਸਥਾਵਾਂ ਸਮੁੱਚੀ ਮਨੁੱਖਤਾ ਨੂੰ ਬਰਾਬਰ ਸਮਝਣ, ਭਾਈਚਾਰਕ ਏਕਤਾ ਤੇ ਸਰਬ ਸਾਂਝੀਵਾਲਤਾ ਦੇ ਸਿੱਖ ਫਲਸਫੇ ਨੂੰ ਅਮਲੀ ਰੂਪ ਵਿੱਚ ਅਪਨਾਉਣ ਵਿੱਚ ਅਸਫ਼ਲ ਹੋਈਆਂ ਹਨ ਅਤੇ ਇਨ੍ਹਾਂ ਸੰਸਥਾਵਾਂ ਦੀ ਇਸ ਅਣਗਹਿਲੀ ਨੇ ਡੇਰਾਵਾਦ ਦੇ ਵਧਣ-ਫੁੱਲਣ ਲਈ ਜ਼ਮੀਨ ਤਿਆਰ ਕੀਤੀ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਚੋਣ ਮਨੋਰਥ ਪੱਤਰ ਨੂੰ ਇੰਨ-ਬਿੰਨ ਲਾਗੂ ਕਰੇਗੀ। ਹਰ ਘਰ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਨਿਭਾਉਣ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 5 ਸਤੰਬਰ ਨੂੰ ਕਰਨਗੇ ਤੇ ਲਗਭਗ 50 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇਣਗੇ।