ਚੰਡੀਗੜ, 20 ਫਰਵਰੀ:

ਜਲਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦੇ ਸ਼ਤਾਬਦੀ ਵਰੇ ਦੌਰਾਨ ਇਸ ਦੇ ਸ਼ਹੀਦਾਂ ਨੂੰ ਢੁੱਕਵੀਂ ਸ਼ਰਧਾਂਜਲੀ ਭੇਂਟ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਦਨ ਨੇ ਬਿ੍ਰਟਿਸ਼ ਸਰਕਾਰ ਤੋਂ ਮੁਆਫ਼ੀ ਮੰਗਵਾਉਣ ਲਈ ਕੇਂਦਰ ਉਤੇ ਦਬਾਅ ਬਣਾਉਣ ਵਾਸਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ। 

ਇਹ ਮਤਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਪੇਸ਼ ਕੀਤਾ, ਜਿਸ ਨੂੰ ਮੈਂਬਰਾਂ ਨੇ ਜ਼ੁਬਾਨੀ ਵੋਟਾਂ ਨਾਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ। 

ਮਤਾ ਪੇਸ਼ ਕਰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਬਰਤਾਨਵੀ ਸਾਮਰਾਜ ਦੇ ਰੌਲਟ ਐਕਟ ਖ਼ਿਲਾਫ਼ 13 ਅਪਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲਾ ਬਾਗ਼ ਵਿੱਚ ਇਕੱਤਰ ਹੋਏ ਬੇਕਸੂਰ ਲੋਕਾਂ ’ਤੇ ਸਾਜ਼ਿਸ਼ ਤਹਿਤ ਇਹ ਕਾਇਰਤਾ ਪੂਰਨ ਹਮਲਾ ਕੀਤਾ ਗਿਆ ਸੀ। ਮੰਤਰੀ ਨੇ ਕਿਹਾ ਕਿ ਹਾਲਾਂਕਿ ਉਦੋਂ ਹੀ ਬਰਤਾਨਵੀ ਸਾਮਰਾਜ ਨੂੰ ਇਸ ਗ਼ੈਰਜ਼ਿੰਮੇਵਾਰਾਨਾ ਕਾਰਵਾਈ ਦੀ ਗੰਭੀਰਤਾ ਦਾ ਪਤਾ ਲੱਗ ਗਿਆ ਸੀ, ਜਿਸ ਦਾ ਸਬੂਤ ਜਨਰਲ ਡਾਇਰ ਦੀ ਬਿ੍ਰਟਿਸ਼ ਫ਼ੌਜ ਵਿੱਚੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਸੀ। ਉਨਾਂ ਦੱਸਿਆ ਕਿ ਨੋਬੇਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਨੇ ਇਸ ਦੇ ਵਿਰੋਧ ਵਿੱਚ ਨਾਈਟਹੁੱਡ ਦਾ ਖ਼ਿਤਾਬ ਵਾਪਸ ਕਰ ਦਿੱਤਾ ਸੀ। 

ਸਪੀਕਰ ਨੂੰ ਇਸ ਮਤੇ ਨੂੰ ਸਦਨ ਵਿੱਚ ਜ਼ੁਬਾਨੀ ਮਤ ਰਾਹੀਂ ਪੇਸ਼ ਕਰਨ ਲਈ ਬੇਨਤੀ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਵਾਸੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਜ਼ਖ਼ਮਾਂ ’ਤੇ ਮੱਲਮ ਲਾਉਣ ਲਈ ਇਨਾਂ ਤੱਥਾਂ ਦੀ ਰੌਸ਼ਨੀ ਵਿੱਚ ਭਾਰਤ ਲਈ ਮੁਆਫ਼ੀ ਵਾਸਤੇ ਬਿ੍ਰਟਿਸ਼ ਸਰਕਾਰ ’ਤੇ ਦਬਾਅ ਪਾਉਣ ਲਈ ਇਹ ਢੁਕਵਾਂ ਸਮਾਂ ਹੈ।