ਚੰਡੀਗੜ੍ਹ-ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਵਜੋਂ ਲਾਂਭੇ ਕੀਤੇ ਜਾਣ ਪਿੱਛੋਂ ਸੁਖਪਾਲ ਸਿੰਘ ਖਹਿਰਾ ਦਾ ਪਹਿਲਾ ਵੱਡਾ ਬਿਆਨ ਆਇਆ ਹੈ। ਆਪਣੇ ਇੱਕ ਟਵੀਟ `ਚ ਉਨ੍ਹਾਂ ਲਿਖਿਆ ਹੈ ਕਿ ਮੈਂ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਜਿ਼ੰਮੇਵਾਰੀ ਤਨਦੇਹੀ, ਬਿਨਾ ਕਿਸੇ ਡਰ ਤੋਂ ਅਤੇ ਸੁਹਿਰਦਤਾ ਨਾਲ ਪੰਜਾਬ ਦੇ ਲੋਕਾਂ ਅਤੇ ਪੰਜਾਬੀਆਂ ਲਈ ਨਿਭਾਈ ਹੈ। ਜੇ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦੇ ਹੱਕ ਲਈ ਸੱਚ ਬੋਲਣ ਕਾਰਨ ਮੇਰੀ ਵਿਰੋਧੀ ਨੇਤਾ ਦੀ ਕੁਰਸੀ ਜਾਂਦੀ ਹੈ, ਤਾਂ ਮੈਂ ਅਜਿਹੇ 100 ਹੋਰ ਅਹੁਦੇ ਵਾਰਨ ਲਈ ਤਿਆਰ ਹਾਂ। ਜਿਹੜਾ ਫ਼ੈਸਲਾ ਹੁਣ ਲਿਆ ਗਿਆ ਹੈ; ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਸਭ ਇਹੋ ਸਭ ਚਾਹੁੰਦੇ ਸਨ।
ਯਕੀਨੀ ਤੌਰ `ਤੇ ਇਸ ਵੇਲੇ ਸਿਆਸੀ ਹਲਕਿਆਂ ਹੀ ਨਹੀਂ, ਆਮ ਲੋਕਾਂ ਵਿੱਚ ਵੀ ਇਸ ਵੇਲੇ ਸੁਖਪਾਲ ਸਿੰਘ ਖਹਿਰਾ ਦੀ ਹੀ ਚਰਚਾ ਚੱਲ ਰਹੀ ਹੈ। ਉਨ੍ਹਾਂ ਨੂੰ ਪਾਰਟੀ ਅਹੁਦੇ ਤੋਂ ਹਟਾਉਣਾ ਇਸ ਵੇਲੇ ਆਮ ਆਦਮੀ ਪਾਰਟੀ ਲਈ ਕੋਈ ਬਹੁਤਾ ਵਧੀਆ ਫ਼ੈਸਲਾ ਸਿੱਧ ਨਾ ਹੋਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ।