ਤਹਿਸੀਲਦਾਰ (ਗਰੁੱਪ ਬੀ) ਸੇਵਾ ਨਿਯਮਾਂ ’ਤੇ ਮੋਹਰ

ਮੁੱਖ ਮੰਤਰੀ ਸੁਰੱਖਿਆ ਵਿੱਚ ਪਿ੍ਰਤਪਾਲ ਸਿੰਘ ਦੀ ਮੁੜ ਨਿਯੁਕਤੀ ਨੂੰ ਹਰੀ ਝੰਡੀ

ਚੰਡੀਗੜ, 29 ਜਨਵਰੀ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਭੌਂ ਅਤੇ ਜਲ ਸੰਭਾਲ ਵਿਭਾਗ ਵੱਲੋਂ ਸ਼ੁਰੂ ਕੀਤੇ ਕੰਮਾਂ ਲਈ ਸਾਲ 2015-16 ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਮੰਤਰੀ ਮੰਡਲ ਨੇ ਸਾਲ 2015-16 ਤੇ 2016-17 ਦੀ ਡਾਇਰੈਕਟੋਰੇਟ ਆਫ ਟਾੳੂਨ ਐਂਡ ਕੰਟਰੀ ਪਲਾਨਿੰਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। 

ਸਾਲ 2016-17 ਦੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਤੇ ਸਾਲ 2017-18 ਦੀ ਸਹਿਕਾਰਤਾ (ਆਡਿਟ) ਵਿਭਾਗ ਦੀ ਸਲਾਨਾ ਪ੍ਰਸ਼ਾਸਕੀ ਰਿਪੋਰਟ ਨੂੰ ਵੀ ਮੰਤਰੀ ਮੰਡਲ ਨੇ ਪ੍ਰਵਾਨਗੀ ਦੇ ਦਿੱਤੀ ਹੈ। 

ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਅਤੇ ਪਦਉਨਤੀਆਂ ਦੀ ਪ੍ਰਕਿਰਿਆ ਵਿੱਚ ਤੇਜ਼ੀ ਨਿਆਉਣ ਵਾਸਤੇ ਮੰਤਰੀ ਮੰਡਲ ਨੇ ਤਹਿਸੀਲਦਾਰ (ਗਰੁੱਪ ਬੀ) ਸੇਵਾ ਨਿਯਮਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਿਯਮ ਪ੍ਰਸੋਨਲ ਵਿਭਾਗ ਦੀਆਂ 20 ਜੁਲਾਈ, 2017 ਦੀਆਂ ਹਦਾਇਤਾਂ ਅਤੇ ਵਿੱਤ ਵਿਭਾਗ ਦੇ ਪੰਜਾਬ ਸਿਵਲ ਸਰਵਸਿਜ (ਰਿਵਾਇਜਡ ਪੇਅ) ਰੁਲਜ਼, 2009 ਦੇ ਹੁੰਗਾਰੇ ਵਿੱਚ ਤਿਆਰ ਕੀਤੇ ਗਏ ਹਨ, ਜਿਨਾਂ ਦੇ ਹੇਠ ਮਿਤੀ 27-05-2009 ਦੇ ਨੋਟੀਫਿਕੇਸ਼ਨ ਨਾਲ ਪੰਜਵੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ’ਤੇ ਤਨਖਾਹ ਸਕੇਲ ਸੋਧੇ ਗਏ ਹਨ। 

ਪੰਜਾਬ ਮੰਤਰੀ ਮੰਡਲ ਨੇ ਮੁੱਖ ਮੰਤਰੀ ਸੁਰੱਖਿਆ ਵਿਚ ਸੇਵਾਮੁਕਤ ਪੁਲਸ ਇੰਸਪੈਕਟਰ ਪਿ੍ਰਤਪਾਲ ਸਿੰਘ ਦੀ ਡਿਪਟੀ ਐਸ ਪੀ ਦੇ ਬਰਾਬਰ ਦੇ ਰੈਂਕ ਵਿੱਚ ਇਕ ਸਾਲ ਲਈ ਮੁੜ ਨਿਯੁਕਤੀ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ 1 ਮਾਰਚ, 2018 ਤੋਂ 28 ਫਰਵਰੀ, 2019 ਤੱਕ ਠੇਕੇ ਆਧਾਰ ’ਤੇ ਉਹੀ ਸ਼ਰਤਾਂ ਅਤੇ ਨਿਯਮਾਂ ’ਤੇ ਆਧਾਰਿਤ ਦਿੱਤੀ ਗਈ ਹੈ। 

ਇੰਸਪੈਕਟਰ ਪਿ੍ਰਤਪਾਲ ਸਿੰਘ ਦੀ ਮੁੜ ਨਿਯੁਕਤੀ ਉਸ ਦੇ ਸ਼ਾਨਦਾਰ ਸਰਵਿਸ ਰਿਕਾਰਡ ਨੂੰ ਵੇਖਦੇ ਹੋਏ ਕੀਤੀ ਗਈ ਹੈ। ਉਹ ਅਕਤੂਬਰ, 2011 ਤੋਂ ਮੁੱਖ ਮੰਤਰੀ ਸੁਰੱਖਿਆ ਵਿਚ ਤਾਇਨਾਤ ਹੈ।