ਪਟਿਆਲਾ, 11 ਅਕਤੂਬਰ
ਪੁਰਾਣੇ ਟਰੱਕਾਂ ਦੀ ਵਿਕਰੀ ’ਤੇ 28 ਫੀਸਦੀ ਜੀਐੱਸਟੀ ਲਾਉਣ ਖ਼ਿਲਾਫ਼ ਅਤੇ ਹੋਰ ਮਸਲਿਆਂ ’ਤੇ ‘ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ’ ਦੇ ਸੱਦੇ ’ਤੇ ਆਲ ਪੰਜਾਬ ਟਰੱਕ ਅਪਰੇਟਰ ਯੂਨੀਅਨ ਨਾਲ ਸਬੰਧਤ ਹਜ਼ਾਰਾਂ ਅਪਰੇਟਰਾਂ ਨੇ ਯੂਨੀਅਨ ਸੂਬਾ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਹੇਠ ਮੰਗਲ਼ਵਾਰ ਨੂੰ ਮੁਕੰਮਲ ਹੜਤਾਲ ਰੱਖੀ। ਯੂਨੀਅਨ ਨੇ ਪੰਜਾਬ ਭਰ ਅੰਦਰ ਆਪਣੇ 90 ਹਜ਼ਾਰ ਦੇ ਕਰੀਬ ਟਰੱੱਕਾਂ ਦਾ ਚੱਕਾ ਜਾਮ ਰੱਖਿਆ। ਯੂਨੀਅਨ ਨੇ ਪੰਜਾਬ ਭਰ ਵਿੱਚ ਟਰੱਕ ਅਪਰੇਟਰਾਂ ਨੂੰ ਤੀਹ ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਆਖੀ ਹੈ|
ਯੂਨੀਅਨ ਦੇ ਸੂਬਾ ਪ੍ਰਧਾਨ ਹੈਪੀ ਸੰਧੂ, ਸੀਨੀਅਰ ਮੀਤ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਤੇ ਸੂਬਾਈ ਪ੍ਰੈੱਸ ਸਕੱਤਰ ਰਾਣਾ ਪੰਜੇਟਾ (ਪਟਿਆਲਾ) ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਰੇਟਰਾਂ ਨਾਲ ਧਰੋਹ ਕਮਾਇਆ ਹੈ, ਕਿਉਂਕਿ ਪੁਰਾਣਾ ਟਰੱਕ ਜੇਕਰ ਦਸ ਲੱਖ ਵਿੱਚ ਵਿਕਦਾ ਹੈ, ਤਾਂ ਇਸ ’ਤੇ 2.80 ਲੱਖ ਰੁਪਏ ਜੀਐੱਸਟੀ ਅਦਾ ਕਰਨਾ ਪਵੇਗਾ| ਟੈਕਸਾਂ ਸਮੇਤ ਡੀਜ਼ਲ ਦੀਆਂ ਕੀਮਤਾਂ ’ਚ ਕੀਤੇ ਜਾ ਰਹੇ ਵਾਧੇ ਕਾਰਨ ਵੀ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ| ਉਨ੍ਹਾਂ ਓਵਰਲੋਡਿੰਗ ਦੀ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਾ ਕਰਨ ਸਮੇਤ ਕਈ ਹੋਰ ਮਸਲੇ ਵੀ ਅੱਜ ਦੀ ਹੜਤਾਲ ਦਾ ਕਾਰਨ ਦੱਸੇ|
ਇਸੇ ਦੌਰਾਨ ਪ੍ਰਧਾਨ ਹੈਪੀ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਦੀ ਢੋਆ-ਢੁਆਈ ਦੇ 150 ਕਰੋੜ ਰੁਪਏ ਦੇ ਬਕਾਏ 14 ਅਕਤੂਬਰ ਤੱਕ ਅਦਾ ਨਾ ਕੀਤੇ ਤਾਂ 15 ਅਕਤੂਬਰ ਤੋਂ ਪੰਜਾਬ ਦੇ ਸਮੂਹ ਟਰੱਕ ਅਪਰੇਟਰ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ|