ਚੰਡੀਗੜ੍ਹ, ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿੱਚੋਂ ਕਾਰਾਂ ਅਤੇ ਤੇਲ ਦੀ ਵਰਤੋਂ ਦੀ ਖੁੱਲ੍ਹੀ ਖੇਡ ਖੇਡਣਾ ਪੰਜਾਬ ਪੁਲੀਸ ਨੂੰ ਕਾਫ਼ੀ ਰਾਸ ਆ ਰਿਹਾ ਹੈ। ਕਾਰਾਂ ਦੀ ਅਲਾਟਮੈਂਟ ਦੇ ਤੱਥ ਦੱਸਦੇ ਹਨ ਕਿ ਪੁਲੀਸ ਵੱਲੋਂ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸਰਕਾਰੀ ਕਾਰਾਂ ਦੀ ‘ਬੁਰਕੀ’ ਸੁੱਟੀ ਜਾਂਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਦੇ ਚੰਡੀਗੜ੍ਹ ’ਚ ਤਾਇਨਾਤ ਅਫ਼ਸਰਾਂ ਲਈ ਤਕਰੀਬਨ 350 ਗੱਡੀਆਂ (ਸੁਰੱਖਿਆ ਵਾਹਨਾਂ ਸਮੇਤ) ਅਲਾਟ ਕੀਤੀਆਂ ਹੋਈਆਂ ਹਨ ਤੇ ਇਨ੍ਹਾਂ ਗੱਡੀਆਂ ਰਾਹੀਂ ਹਰ ਮਹੀਨੇ ਔਸਤਨ 30 ਲੱਖ ਰੁਪਏ ਦਾ ਤੇਲ ਫੂਕ ਦਿੱਤਾ ਜਾਂਦਾ ਹੈ। ਸਰਕਾਰੀ ਕਾਰਾਂ ਦੀ ਅਲਾਟਮੈਂਟ ਸਬੰਧੀ ਸੂਚੀਆਂ ਦੀ ਘੋਖ ਕੀਤਿਆਂ ਪਤਾ ਲੱਗਦਾ ਹੈ ਕਿ ਡੀਜੀਪੀ ਰੈਂਕ ਦੇ ਪੁਲੀਸ ਅਫ਼ਸਰਾਂ ਨੇ ਸਿੱਧੇ ਤੇ ਅਸਿੱਧੇ ਢੰਗ ਨਾਲ 5-5 ਗੱਡੀਆਂ ਵੀ ਰੱਖੀਆਂ ਹੋਈਆਂ ਹਨ। ਵਧੀਕ ਮੁੱਖ ਸਕੱਤਰ (ਗ੍ਰਹਿ) ਨੂੰ ਆਈਏਐਸ ਅਫ਼ਸਰਾਂ ਦੇ ਕੋਟੇ ਵਿੱਚੋਂ ਤਾਂ ਕਾਰ ਮਿਲੀ ਹੀ ਹੈ ਪੁਲੀਸ ਵੱਲੋਂ ਵੀ ਆਪਣੀ ਸੂਚੀ ਵਿੱਚ ਇਸ ਸੀਨੀਅਰ ਅਧਿਕਾਰੀ ਨੂੰ 2018 ਮਾਡਲ ਨਵੀਂ ਗੱਡੀ ਅਲਾਟ ਕੀਤੀ ਹੋਈ ਦਿਖਾਈ ਗਈ ਹੈ।
ਪੰਜਾਬ ਦੇ ਐਸਐਸਪੀ ਰੈਂਕ ਦੇ ਇੱਕ ਪੁਲੀਸ ਅਧਿਕਾਰੀ ਦੇ ਪਰਿਵਾਰ ਨੂੰ ਬਲੈਰੋ ਗੱਡੀ ਤੇ 260 ਲਿਟਰ ਤੇਲ ਪ੍ਰਤੀ ਮਹੀਨਾ ਦੀ ਸਹੂਲਤ ਦਿੱਤੀ ਗਈ ਹੈ। ਪੰਜਾਬ ਪੁਲੀਸ ਦੇ ਤਕਰੀਬਨ ਸਾਰੇ ਹੀ ਸੇਵਾਮੁਕਤ ਡੀਜੀਪੀਜ਼ ਨੂੰ ਸਰਕਾਰੀ ਗੱਡੀਆਂ ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਤੇਲ ਖ਼ਰਚ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਕਈ ਅਫ਼ਸਰਾਂ ਦੇ ਪਰਿਵਾਰਾਂ ਨੂੰ ਤਾਂ ਇੱਕ ਤੋਂ ਵੱਧ ਗੱਡੀਆਂ ਵੀ ਦਿੱਤੀਆਂ ਹੋਈਆਂ ਹਨ। ਇਕ ਸਾਬਕਾ ਪੁਲੀਸ ਮੁਖੀ ਦੇ ਪਰਿਵਾਰ ਨੂੰ ਸੁਰੱਖਿਆ ਵਜੋਂ 7 ਗੱਡੀਆਂ ਦਿੱਤੀਆਂ ਹੋਈਆਂ ਹਨ। ਪੰਜਾਬ ਪੁਲੀਸ ਦੇ ਇੱਕ ਮਰਹੂਮ ਆਈਪੀਐਸ ਅਫ਼ਸਰ ਦੇ ਪਰਿਵਾਰ ਨੂੰ ਵੀ ਤੇਲ ਸਮੇਤ ਸਰਕਾਰੀ ਕਾਰ ਦਿੱਤੀ ਗਈ ਹੈ। ਪੰਜਾਬ ਪੁਲੀਸ ਦੇ ਵਿਵਾਦਤ ਸਾਬਕਾ ਅਧਿਕਾਰੀ ਨੂੰ ਇੱਕ ਬੁਲੇਟਪਰੂਫ ਗੱਡੀ ਅਤੇ ਦੋ ਜਿਪਸੀਆਂ ਦੀ ਸਹੂਲਤ ਦਿੱਤੀ ਹੋਈ ਹੈ। ਉਹ ਤਿੰਨਾਂ ਗੱਡੀਆਂ ਵਿੱਚ ਹਰ ਮਹੀਨੇ 1500 ਲਿਟਰ ਤੇਲ ਵਰਤ ਸਕਦੇ ਹਨ।
ਪੰਜਾਬ ਪੁਲੀਸ ਦੇ ਹੀ ਇਕ ਸਾਬਕਾ ਮੁਖੀ ਨੂੰ ਪੰਜ ਗੱਡੀਆਂ ਦਿੱਤੀਆਂ ਗਈਆਂ ਹਨ। ਉਸ ਦੇ ਸਟਾਫ਼ ਦੇ ਨਾਮ ’ਤੇ ਵੀ ਛੇ ਗੱਡੀਆਂ ਤੇ ਤਿੰਨ ਮੋਟਰਸਾਈਕਲ ਹਨ। ਇਸੇ ਤਰ੍ਹਾਂ ਇਕ ਏਡੀਜੀਪੀ ਕੋਲ ਚਾਰ ਗੱਡੀਆਂ ਤੇ ਇਕ ਮੋਟਰਸਾਈਕਲ ਹੈ। ਜ਼ਿਕਰਯੋਗ ਹੈ ਕਿ ਪੁਲੀਸ ਅਧਿਕਾਰੀਆਂ ਵੱਲੋਂ ਖੁਦ ਨੂੰ ਅਲਾਟ ਕੀਤੀਆਂ ਮਹਿੰਗੀਆਂ ਕਾਰਾਂ ਨਾਲ ਹੀ ਸਬਰ ਨਹੀਂ ਕੀਤਾ ਜਾਂਦਾ ਸਗੋਂ ਆਪਣੇ ਮਾਤਾਹਿਤ ਅਫ਼ਸਰਾਂ ਜਾਂ ਕਰਮਚਾਰੀਆਂ ਦੇ ਨਾਮ ’ਤੇ ਗੱਡੀਆਂ ਅਲਾਟ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਵੀ ਸਰਕਾਰੀ ਕਾਰ ਅਤੇ ਸਰਕਾਰੀ ਤੇਲ ਦਾ ਲਾਭ ਦਿੱਤਾ ਜਾਂਦਾ ਹੈ। ਪੰਜਾਬ ਪੁਲੀਸ ਵੱਲੋਂ ਸ਼ਹਿਰਾਂ ਵਿੱਚ ਗਸ਼ਤ ਲਈ ਮੋਟਰਸਾਈਕਲਾਂ ਦੀ ਖ਼ਰੀਦ ਕੀਤੀ ਜਾਂਦੀ ਹੈ ਤੇ ਇਨ੍ਹਾਂ ਮੋਟਰਸਾਈਕਲਾਂ ਵਿੱਚੋਂ ਵੀ ਵੱਡਾ ਹਿੱਸਾ ਅਫ਼ਸਰਾਂ ਦੇ ਘਰਾਂ ਵਿੱਚ ਤਾਇਨਾਤ ਨੌਕਰਾਂ ਨੂੰ ਸਵਾਰੀ ਕਰਨ ਲਈ ਦਿੱਤਾ ਜਾਂਦਾ ਹੈ। ਇਸ ਵਬਾਅ ਤੋਂ ਇਕੱਲੇ ਪੁਲੀਸ ਅਫ਼ਸਰ ਪੀੜਤ ਨਹੀਂ। ਆਈਏਐਸ ਅਫ਼ਸਰਾਂ ਵੱਲੋਂ ਵੀ ਆਮ ਤੌਰ ’ਤੇ ਬੋਰਡਾਂ ਤੇ ਨਿਗਮਾਂ ਦੀਆਂ ਗੱਡੀਆਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ ਵਰਤਿਆ ਜਾਂਦਾ ਹੈ। (ਸਰਕਾਰੀ ਕਾਰ ਸੇਵਾ ਨਾਲ ਖ਼ਜ਼ਾਨੇ ’ਤੇ ਪੈਣ ਵਾਲੇ ਵਿੱਤੀ ਭਾਰ ਬਾਰੇ ਰਿਪੋਰਟ ਭਲਕੇ)
ਸਾਬਕਾ ਮੁੱਖ ਸਕੱਤਰ ਲਈ ਸਿਰਫ਼ ਮੋਟਰਸਾਈਕਲ
ਪੰਜਾਬ ਦੇ ਇਕ ਸਾਬਕਾ ਮੁੱਖ ਸਕੱਤਰ ਨੂੰ ਪੰਜਾਬ ਪੁਲੀਸ ਨੇ ਬਜਾਜ ਪਲਸਰ ਮੋਟਰਸਾਈਕਲ ਦਿੱਤਾ ਹੋਇਆ ਹੈ। ਇਹ ਮੋਟਰਸਾਈਕਲ 2010 ਮਾਡਲ ਦਾ ਹੈ।