ਚੰਡੀਗੜ੍ਹ, 4 ਅਗਸਤ
ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਫ਼ਸਰ ਪਰਮਦੀਪ ਸਿੰਘ ਸੰਧੂ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਤਿੰਨ ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਕੀਤਾ ਹੈ। ਅਦਾਲਤ ਨੇ ਉਸ ਨੂੰ ਮੌਕੇ ’ਤੇ ਹੀ ਜ਼ਮਾਨਤ ਦੇ ਦਿੱਤੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪੰਜਾਬ ਦੇ ਇਸ ਵਿਵਾਦਿਤ ਪੁਲੀਸ ਅਫ਼ਸਰ ਨੂੰ 12 ਜੁਲਾਈ 2011 ਨੂੰ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਸੀਬੀਆਈ ਮੁਤਾਬਕ ਸ਼ਿਕਾਇਕਰਤਾ ਨਿਸ਼ਾਂਤ ਸ਼ਰਮਾ ਨਾਂ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ’ਤੇ ਫਿਲੌਰ ਅਤੇ ਕੁਰਾਲੀ ਵਿੱਚ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਮਾਮਲਿਆਂ ’ਚ ਉਸ ਦੇ ਪੱਖ ’ਚ ਰਿਪੋਰਟ ਕਰਵਾਉਣ ਲਈ ਪੰਜਾਬ ਪੁਲੀਸ ਦੇ ਇੰਟਰਨਲ ਵਿਜੀਲੈਂਸ ਵਿਭਾਗ ’ਚ ਤਾਇਨਾਤ ਏਆਈਜੀ ਸੰਧੂ ਤਿੰਨ ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਹਨ। ਇਸ ਸਬੰਧੀ 12 ਜੁਲਾਈ 2011 ਨੂੰ ਪੀ.ਐਸ. ਸੰਧੂ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਸਮੇਤ ਸੀਬੀਆਈ ਨੇ ਰੰਗੇ ਹੱਥੀਂ ਫੜਿਆ ਸੀ। ਸੱਤ ਸਾਲ ਚੱਲੇ ਇਸ ਕੇਸ ਵਿੱਚ ਅਦਾਲਤ ਨੇ ਏਜੀਆਈ ਸੰਧੂ ਨੂੰ ਇਹ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਏਆਈਜੀ ਸੰਧੂ 2008 ਵਿੱਚ ਹੋਏ ਮੋਗਾ ਸੈਕਸ ਸਕੈਂਡਲ ਸਮੇਂ ਵੀ ਵਿਵਾਦਾਂ ’ਚ ਸੀ। ਇਸ ਪੁਲੀਸ ਅਫ਼ਸਰ ਵਿਰੁੱਧ ਹੋਰ ਵੀ ਕਈ ਫ਼ੌਜਦਾਰੀ ਮੁਕੱਦਮੇ ਦਰਜ ਹੋਏ ਸਨ।