ਚੰਡੀਗੜ੍ਹ, 7 ਜੂਨ
ਰਾਸ਼ਟਰੀ ਕਿਸਾਨ ਮਹਾਂਸੰਘ ਦੇ ਸੱਦੇ ’ਤੇ ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ 1 ਜੂਨ ਤੋਂ 10 ਜੂਨ ਤੱਕ ਚਲਾਇਆ ਜਾ ਰਿਹਾ ਅੰਦੋਲਨ ‘ਪਿੰਡ ਬੰਦ-ਕਿਸਾਨ ਛੁੱਟੀ ਉਪਰ’ ਅੱਧਵਾਟੇ ਹੀ ਅੱਜ ਵਾਪਸ ਲੈ ਲਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਇਸ ਅੰਦੋਲਨ ਦੌਰਾਨ ਦੋਧੀਆਂ ਅਤੇ ਹੋਰ ਵਰਗਾਂ ਦਾ ਅੰਦੋਲਨਕਾਰੀ ਕਿਸਾਨਾਂ ਨਾਲ ਥਾਂ-ਥਾਂ ਉਪਰ ਟਕਰਾਅ ਚੱਲ ਰਿਹਾ ਸੀ। ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਕਿੱਲਤ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵੱਧ ਰਹੀਆਂ ਸਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ, ਭਾਰਤੀ ਕਿਸਾਨ ਯੂਨੀਅਨ  (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਭਾਰਤੀ ਕਿਸਾਨ ਮੰਚ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ, ਦੋਆਬਾ ਕਿਸਾਨ ਕਮੇਟੀ ਦੇ ਆਗੂ ਸਤਨਾਮ ਸਿੰਘ ਸਾਹਨੀ ਅਤੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਅੱਜ ਇੱਥੇ ਕਿਸਾਨ ਭਵਨ ਵਿੱਚ ਜਥੇਬੰਦੀਆਂ ਦੀ ਹੋਈ ਮੀਟਿੰਗ ਤੋਂ ਬਾਅਦ 10 ਜੂਨ ਤੱਕ ਚਲਣ ਵਾਲਾ ਇਹ ਸੰਘਰਸ਼ ਪੰਜਾਬ ਵਿੱਚੋਂ ਅੱਜ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਅੰਦੋਲਨ ਵਿੱਚ ਸ਼ਰਾਰਤੀ ਤੱਤਾਂ ਦੀ ਕਰਵਾਈ ਘੁਸਪੈਠ ਕਾਰਨ ਅੰਦੋਲਨ ਹਿੰਸਕ ਹੋਣ ਦੇ ਆਸਾਰ ਬਣ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਯੂਨੀਅਨ ਆਗੂਆਂ ਵੱਲੋਂ ਰੋਕਣ ਦੇ ਬਾਵਜੂਦ ਥਾ-ਥਾਂ ਹੁੱਲੜਬਾਜ਼ਾਂ ਨੇ ਦੁੱਧ ਡੋਲਣ ਅਤੇ ਸਬਜ਼ੀਆਂ ਸੜਕਾਂ ’ਤੇ ਸੁੱਟਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਹਾਲਾਤ ਤੇਜ਼ੀ ਨਾਲ ਹਿੰਸਾ ਵੱਲ ਵੱਧ ਰਹੇ ਸਨ ਅਤੇ ਭਾਜਪਾ ਦੇ ਹੁੱਲੜਬਾਜ਼ ਦੁੱਧ ਅਤੇ ਸਬਜ਼ੀ ਉਤਪਾਦਕਾਂ ਨੂੰ ਉਕਸਾ ਕੇ ਯੂਨੀਅਨ ਦੇ ਵਰਕਰਾਂ ’ਤੇ ਹਮਲੇ ਕਰਵਾਉਣ ਦੀ ਤਾਕ ਵਿੱਚ ਸਨ। ਇਸ ਕਾਰਨ ਕਿਸਾਨ ਜਥੇਬੰਦੀਆਂ ਨੇ ਅੱਜ ਤੋਂ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ ਕਿਉਂਕਿ ਉਹ ਪੰਜਾਬ ਵਿੱਚ ਹਾਲਤ ਖ਼ਰਾਬ ਨਹੀਂ ਹੋਣ ਦੇਣਾ ਚਾਹੁੰਦੇ।
ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਲਾਲਾਂ ਨੂੰ ਵਿੱਚੋਂ ਕੱਢ ਕੇ ਸਿੱਧੇ ਰੂਪ ਵਿੱਚ ਦੁੱਧ ਅਤੇ ਸਬਜ਼ੀਆਂ ਖਪਤਕਾਰਾਂ ਕੋਲ ਵੇਚਣ ਦੀ ਰਣਨੀਤੀ ਘੜੀ ਜਾ ਰਹੀ ਹੈ, ਜਿਸ ਨਾਲ ਜਿੱਥੇ ਕਿਸਾਨਾਂ ਨੂੰ ਵਾਜਬ ਕੀਮਤਾਂ ਮਿਲਣਗੀਆਂ ਉਥੇ ਖ਼ਪਤਕਾਰਾਂ ਨੂੰ ਵੀ ਸ਼ੁੱਧ ਦੁੱਧ ਅਤੇ ਸਬਜ਼ੀਆਂ ਸਸਤੀਆਂ ਦਰਾਂ ’ਤੇ ਮਿਲਣਗੀਆਂ। ਇਸ ਸਬੰਧ ਵਿੱਚ ‘ਕਿਸਾਨ ਹੱਟ’ ਬਣਾਉਣ ਦੀ ਮੁਹਿੰਮ ਚਲਾਈ ਜਾਵੇਗੀ।
ਕਿਸਾਨ ਆਗੂਆਂ ਨੇ ਕਿਹਾ ਕਿ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ, ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰਵਾਉਣ ਆਦਿ ਮੰਗਾਂ ਲਈ ਦੇਸ਼ ਦੇ ਹੋਰ ਸੂਬਿਆਂ ਵਿੱਚ ਇਹ ਸੰਘਰਸ਼ 10 ਜੂਨ ਤੱਕ ਜਾਰੀ ਰਹੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਫਿਰ ਵੀ ਮੋਦੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਮਹਾਂਸੰਘ ਦੇਸ਼ ਭਰ ਵਿੱਚ ਭਾਜਪਾ ਦੀ ਅਰਥੀ ਕੱਢਣ ਲਈ ਮਜਬੂਰ ਹੋਵੇਗਾ। ਇਸ ਮੌਕੇ ਹਰਿੰਦਰ ਸਿੰਘ ਲੱਖੋਵਾਲ ਨੇ ਧਮਕੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਝੋਨੇ ਦੀ ਬਿਜਾਈ ਲਈ ਤੁਰੰਤ 10 ਘੰਟੇ ਬਿਜਲੀ ਦੀ ਸਪਲਾਈ ਨਾ ਦਿੱਤੀ ਤਾਂ 11 ਜੂਨ ਨੂੰ ਪਟਿਆਲਾ ਵਿੱਚ ਬਿਜਲੀ ਦਫਤਰ ਦਾ ਘਿਰਾਓ ਕੀਤਾ ਜਾਵੇਗਾ।