ਚੰਡੀਗੜ੍ਹ, 15 ਅਪਰੈਲ
ਕਰੋਨਾਵਾਇਰਸ ਨੇ ਅੱਜ ਗੁਰਦਾਸਪੁਰ ਵਿੱਚ ਦਸਤਕ ਦਿੰਦਿਆਂ ਪੰਜਾਬ ਦੇ 18 ਜ਼ਿਲ੍ਹਿਆਂ ਤੱਕ ਪੈਰ ਪਸਾਰ ਲਏ ਹਨ। ਕਰੋਨਾਵਾਇਰਸ ਨੇ ਜਲੰਧਰ ਵਿੱਚ ਅੱਜ ਇੱਕ ਹੋਰ ਵਿਅਕਤੀ ਦੀ ਜਾਨ ਲੈ ਲਈ ਹੈ। ਇਸ ਤਰ੍ਹਾਂ ਨਾਲ ਹੁਣ ਤੱਕ ਸੂਬੇ ਵਿੱਚ ਕੁੱਲ 13 ਵਿਅਕਤੀ ਵਾਇਰਸ ਦੀ ਭੇਟ ਚੜ੍ਹ ਚੁੱਕੇ ਹਨ। ਸੂਬੇ ਵਿੱਚ ਇਸ ਖ਼ਤਰਨਾਕ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ 184 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ 27 ਵਿਅਕਤੀ ਇਸ ਵਾਇਰਸ ਤੋਂ ਨਿਜਾਤ ਪਾ ਚੁੱਕੇ ਹਨ ਜਦੋਂਕਿ ਪੰਜ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਵਾਇਰਸ ਦੀ ਲਾਗ ਨਾਲ ਪੀੜਤ ਇੱਕ ਵਿਅਕਤੀ ਨੂੰ ਵੈਂਟੀਲੇਟਰ ਲਾਉਣ ਤੱਕ ਦੀ ਨੌਬਤ ਆ ਗਈ ਹੈ।
ਕਰੋਨਾਵਾਇਰਸ ਦੀ ਲਾਗ ਲੱਗਣ ਦੇ ਤਾਜ਼ਾ ਮਾਮਲੇ ਪਠਾਨਕੋਟ, ਜਲੰਧਰ ਅਤੇ ਮੁਹਾਲੀ ਵਿੱਚ ਸਾਹਮਣੇ ਆਏ ਹਨ। ਨਵੇਂ ਕੇਸਾਂ ਦੀ ਗਿਣਤੀ 8 ਦੱਸੀ ਗਈ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਵਿੱਚ ਇਸ ਵਾਇਰਸ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਸੂਬੇ ਦਾ ਇਹ 18ਵਾਂ ਜ਼ਿਲ੍ਹਾ ਹੈ, ਜਿੱਥੇ ਕਰੋਨਾ ਨੇ ਮਾਰ ਕੀਤੀ ਹੈ। ਮੁਹਾਲੀ ਹਾਲ ਦੀ ਘੜੀ ਸੂਬੇ ਵਿੱਚ ਅਜਿਹਾ ਜ਼ਿਲ੍ਹਾ ਹੈ, ਜਿੱਥੇ ਇਸ ਵਾਇਰਸ ਦੀ ਲਾਗ ਲੱਗਣ ਵਾਲੇ ਵਿਅਕਤੀਆਂ ਦੀ ਗਿਣਤੀ 56 ਤੱਕ ਪਹੁੰਚ ਗਈ ਹੈ ਤੇ ਅੱਜ ਵੀ ਦੋ ਕੇਸ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਜਲੰਧਰ ਵਿੱਚ ਵੀ ਇੱਕ ਨਵਾਂ ਮਰੀਜ਼ ਆਉਣ ਨਾਲ ਇਸ ਜ਼ਿਲ੍ਹੇ ਵਿੱਚ ਪੀੜਤਾਂ ਦੀ ਕੁੱਲ ਗਿਣਤੀ 25 ਹੋ ਗਈ ਹੈ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਭ ਤੋਂ ਪਹਿਲਾਂ ਬਲਦੇਵ ਸਿੰਘ ਨਾਮੀ ਵਿਅਕਤੀ ਦੀ ਮੌਤ ਨਾਲ ਇਸ ਵਾਇਰਸ ਨੇ ਪੰਜਾਬ ਵਿੱਚ ਦਸਤਕ ਦਿੱਤੀ ਸੀ। ਇਸ ਮਗਰੋਂ ਜ਼ਿਲ੍ਹੇ ’ਚੋਂ ਵੱਡੀ ਗਿਣਤੀ ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਮੁਤਾਬਕ ਪਿਛਲੇ ਇੱਕ ਹਫ਼ਤੇ ਤੋਂ ਇਸ ਜ਼ਿਲ੍ਹੇ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਬਲਕਿ ਜਿਹੜੇ 18 ਵਿਅਕਤੀ ਜ਼ੇਰੇ ਇਲਾਜ ਸਨ, ਉਨ੍ਹਾਂ ਵਿੱਚੋਂ ਵੀ 15 ਪੂਰੀ ਤਰ੍ਹਾਂ ਸਿਹਤਯਾਬ ਹੋ ਗਏ ਹਨ। ਹੁਣ ਤੱਕ 4844 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 4047 ਨੈਗੇਟਿਵ ਆਏ ਹਨ ਤੇ 613 ਦੇ ਨਤੀਜਿਆਂ ਦੀ ਉਡੀਕ ਹੈ। ਪਾਜ਼ੇਟਿਵ ਮਾਮਲਿਆਂ ਵਿੱਚ ਭਾਵੇਂ ਕਈ ਮਰੀਜ਼ਾਂ ਨੂੰ ਲਾਗ ਲੱਗਣ ਦੇ ਸਰੋਤ ਦਾ ਪਤਾ ਨਹੀਂ ਲੱਗਾ, ਪਰ ਫਿਰ ਵੀ ਵਧੇਰੇ ਕੇਸ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਹੀ ਸਾਹਮਣੇ ਆਏ ਹਨ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਕਰਫਿਊ ਦੀਆਂ ਪਾਬੰਦੀਆਂ ਕਾਰਨ ਲਾਗ ਜ਼ਿਆਦਾ ਨਹੀਂ ਫੈਲੀ ਅਤੇ ਜੇਕਰ ਪਾਬੰਦੀਆਂ ਨਾ ਹੁੰਦੀਆਂ ਤਾਂ ਪੰਜਾਬ ਵਿੱਚ ਵਾਇਰਸ ਦੀ ਲਪੇਟ ਵਿੱਚ ਆਉਣ ਵਾਲੇ ਵਿਅਕਤੀਆਂ ਦੀ ਗਿਣਤੀ ਵਧੇਰੇ ਹੋਣੀ ਸੀ।