ਕੈਪਟਨ ਸਰਕਾਰ ਵੱਲੋਂ ਸੱਤ ਵਿਭਾਗਾਂ ਦੇ 29 ਮਹਿਮਾਨ ਘਰਾਂ ਬਾਰੇ ਫ਼ੈਸਲਾ; 
ਦਿੱਲੀ ਦਾ ਕਪੂਰਥਲਾ ਹਾਊਸ, ਨਾਭਾ ਹਾਊਸ ਤੇ ਕਿਸਾਨ ਹਵੇਲੀਆਂ ਵੀ ਸੂਚੀ ’ਚ ਸ਼ਾਮਲ

ਬਠਿੰਡਾ, ਕੈਪਟਨ ਹਕੂਮਤ ਵੀ ਹੁਣ ਵਿਰਾਸਤੀ ਭੱਲ ਵਾਲੇ ਮਹਿਮਾਨ ਘਰਾਂ ਨੂੰ ਨਿੱਜੀ ਫ਼ਰਮਾਂ ਦੀ ਝੋਲੀ ’ਚ ਪਾਏਗੀ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਲਾਲ ਕਿਲੇ’ ਤੋਂ ਮੁੱਢ ਬੰਨ੍ਹਿਆ ਹੈ। ਮੁਢਲੇ ਪੜਾਅ ’ਤੇ ਪੰਜਾਬ ਭਰ ’ਚੋਂ ਆਰਾਮ ਘਰਾਂ ਅਤੇ ਮਹਿਮਾਨ ਘਰਾਂ ਦੇ ਵੇਰਵੇ ਇਕੱਠੇ ਕੀਤੇ ਗਏ ਸਨ। ਉਸ ਮਗਰੋਂ ਇਨ੍ਹਾਂ ’ਚੋਂ ਉਨ੍ਹਾਂ ਮਹਿਮਾਨ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜੋ ਵਿਰਾਸਤੀ ਅਹਿਮੀਅਤ ਰੱਖਦੇ ਹਨ। ਆਮ ਰਾਜ ਪ੍ਰਬੰਧ ਵਿਭਾਗ ਤਰਫ਼ੋਂ ਹੁਣ ਇਸ ਤਰ੍ਹਾਂ ਦੇ 29 ਮਹਿਮਾਨ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਜੋ ਵਿਰਾਸਤੀ ਅਹਿਮੀਅਤ ਰੱਖਦੇ ਹਨ ਜਿਨ੍ਹਾਂ ’ਚ ਪੰਜਾਬ ਤੋਂ ਇਲਾਵਾ ਯੂ.ਪੀ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦੇ ਮਹਿਮਾਨ ਘਰ ਵੀ ਸ਼ਾਮਲ ਹਨ। ਇਨ੍ਹਾਂ ਨੂੰ ਪਬਲਿਕ ਪ੍ਰਾਈਵੇਟ ਪ੍ਰਾਜੈਕਟ ਤਹਿਤ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਇਨ੍ਹਾਂ ਪ੍ਰਾਜੈਕਟਾਂ ਦੀ ਆਖ਼ਰੀ ਪ੍ਰਵਾਨਗੀ ਲਈ ਫਾਈਲ ਮੁੱਖ ਮੰਤਰੀ ਪੰਜਾਬ ਕੋਲ ਪੇਸ਼ ਕੀਤੀ ਜਾਣੀ ਹੈ। ਖੇਤੀ ਮਹਿਕਮੇ ਦੀਆਂ ਸ੍ਰੀ ਆਨੰਦਪੁਰ ਸਾਹਿਬ, ਤਰਨ ਤਾਰਨ ਅਤੇ ਪਟਿਆਲਾ ਵਿੱਚ ਜੋ ਕਿਸਾਨ ਹਵੇਲੀਆਂ ਹਨ, ਉਨ੍ਹਾਂ ਨੂੰ ਚਲਾਉਣ ਲਈ ਨਿੱਜੀ ਫ਼ਰਮ ਹਵਾਲੇ ਕੀਤਾ ਜਾਣਾ ਹੈ। ਲੋਕ ਨਿਰਮਾਣ ਵਿਭਾਗ ਦੇ ਜੋ ਨਵੀਂ ਦਿੱਲੀ ਵਿੱਚ ਕਪੂਰਥਲਾ ਹਾਊਸ, ਨਾਭਾ ਹਾਊਸ ਹਨ, ਤੋਂ ਇਲਾਵਾ ਯੂ.ਪੀ ਦੇ ਵਰਿੰਦਾਵਨ ਅਤੇ ਲੁਧਿਆਣਾ ਦੇ ਮੁੱਲਾਂਪੁਰ ਗੈੱਸਟ ਹਾਊਸ ਨੂੰ ਵੀ ਨਿੱਜੀ ਹੱਥਾਂ ’ਚ ਦੇਣ ਦੀ ਤਿਆਰੀ ਹੈ।   ਪਾਵਰਕੌਮ ਦੇ ਬਠਿੰਡਾ ਥਰਮਲ ਕਲੋਨੀ ਵਿਚਲੇ ਪੁਰਾਣੇ ਮਹਿਮਾਨ ਘਰ ਅਤੇ ਹਾਲ ਹੀ ਵਿੱਚ  7.25 ਕਰੋੜ ਦੀ ਲਾਗਤ ਨਾਲ ਰੈਨੋਵੇਟ ਕੀਤਾ ਗਿਆ ਹੈ ਲੇਕਵਿਊ ਮਹਿਮਾਨ ਘਰ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚਲੇ ਜੋਗਿੰਦਰ ਨਗਰ ਅਤੇ ਸ਼ਾਨਨ ਮਹਿਮਾਨ ਘਰ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸੈਰ ਸਪਾਟਾ ਵਿਭਾਗ ਦੇ ਪਿੰਕਾਸ਼ੀਆ ਰੋਪੜ ਤੋਂ ਇਲਾਵਾ ਪੰਚਾਇਤ ਵਿਭਾਗ ਦੇ ਤਰਨ ਤਾਰਨ ਅਤੇ ਪਟਿਆਲਾ ਵਿਚਲੇ ਮਹਿਮਾਨ ਘਰਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤਾ ਜਾਣਾ ਹੈ।     ਸਿੰਚਾਈ ਮਹਿਕਮੇ ਦੇ ਬਹੁਤ ਪੁਰਾਣੇ ਵਿਰਾਸਤੀ ਦਿੱਖ ਵਾਲੇ ਆਰਾਮ ਘਰ ਹਨ, ਉਨ੍ਹਾਂ ’ਚੋਂ ਰੋਪੜ, ਹਰੀਕੇਵਾਲਾ, ਤਲਵਾੜਾ, ਸ਼ਾਹਪੁਰ ਕੰਡੀ, ਮਾਣਾਵਾਲਾ, ਹੈੱਡਵਰਕਸ ਲੁਧਿਆਣਾ ਦੇ ਮਹਿਮਾਨ ਘਰਾਂ ਦੀ ਵੀ ਸ਼ਨਾਖ਼ਤ ਕੀਤੀ ਗਈ ਹੈ। ਜੰਗਲਾਤ ਮਹਿਕਮੇ ਦੇ ਸਿਉਂਕ, ਮੁਹਾਲੀ, ਪਲਣਪੁਰ, ਮਿਰਜ਼ਾਪੁਰ, ਮਾਣੇਵਾਲਾ, ਮਾਜਰੀ, ਗੜ੍ਹੀ, ਹੁਸ਼ਿਆਰਪੁਰ ਅਤੇ ਛੱਤਬੀੜ ਚਿੜੀਆ ਘਰ ਦੇ ਮਹਿਮਾਨ ਘਰ ਵੀ ਨਿੱਜੀ ਫ਼ਰਮਾਂ ਨੂੰ ਦੇਣ ਦੀ ਤਿਆਰੀ ਕੀਤੀ ਗਈ ਹੈ। ਸੱਤ ਵਿਭਾਗਾਂ ਦੇ 29 ਮਹਿਮਾਨ ਘਰ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਵਿਭਾਗਾਂ ਤੋਂ ਇੱਕ ਦਿਨ ਦੇ ਅੰਦਰ ਅੰਦਰ ਹੀ ਮਹਿਮਾਨ ਘਰਾਂ ਦੇ ਕੁੱਲ ਏਰੀਏ ਅਤੇ ਕਵਰਡ ਏਰੀਏ ਦੀ ਸੂਚਨਾ ਮੰਗੀ ਹੈ।   ਸਿਦਕ ਫੋਰਮ ਦੇ ਸਾਧੂ ਰਾਮ ਕੁਸ਼ਲਾ ਦਾ ਪ੍ਰਤੀਕਰਮ ਸੀ ਕਿ ਮਹਿਮਾਨ ਘਰ ਪੰਜਾਬ ਦੀ ਵਿਰਾਸਤ ਹਨ ਜਿਨ੍ਹਾਂ ਨੂੰ ਸਰਕਾਰ ਖ਼ੁਦ ਸੰਭਾਲੇ।

ਆਖ਼ਰੀ ਫ਼ੈਸਲਾ ਹਾਲੇ ਲੈਣਾ ਹੈ: ਪ੍ਰਮੁੱਖ ਸਕੱਤਰ

ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਪਾ ਸ਼ੰਕਰ ਸਿਰੋਜ ਦਾ ਕਹਿਣਾ ਸੀ ਕਿ ਪਹਿਲੇ ਪੜਾਅ ’ਤੇ ਵਿਰਾਸਤੀ ਅਹਿਮੀਅਤ ਵਾਲੇ ਮਹਿਮਾਨ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤਾਂ ਜੋ ਇਨ੍ਹਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਇਨ੍ਹਾਂ ਨੂੰ ਕਿਵੇਂ ਤੇ ਕੌਣ ਚਲਾਏਗਾ, ਇਸ ਬਾਰੇ ਆਖ਼ਰੀ ਫ਼ੈਸਲਾ ਲਿਆ ਜਾਣਾ ਬਾਕੀ ਹੈ।