ਨਵੀਂ ਦਿੱਲੀ/ਚੰਡੀਗੜ੍ਹ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਇਥੇ ਪੰਜਾਬ ਤੋਂ ਪਹੁੰਚੇ ਕਿਸਾਨਾਂ ਵੱਲੋਂ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਵੱਲ ਮਾਰਚ ਕੀਤਾ ਗਿਆ। ਕਿਸਾਨਾਂ ਨੇ ਭਾਜਪਾ ਵੱਲੋਂ 2014 ਦੀਆਂ ਚੋਣਾਂ ਸਮੇਂ ਕੀਤੇ ਗਏ ਵਾਅਦਿਆਂ ਤੋਂ ਭੱਜਣ ਲਈ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਵੱਲੋਂ ‘ਸਬ ਕਾ ਸਾਥ-ਸਬ ਕਾ ਵਿਕਾਸ’ ਦਾ ਨਾਅਰਾ ਕੇਵਲ ਝੂਠਾ ਹੀ ਸਾਬਤ ਨਹੀਂ ਹੋਇਆ ਸਗੋਂ ‘ਕਿਸਾਨਾਂ ਦਾ ਵਿਨਾਸ਼, ਕਾਰਪੋਰੇਟ ਅਤੇ ਰਾਜਭਾਗ ਵਾਲਿਆਂ ਦਾ ਵਿਕਾਸ’ ਸਾਬਤ ਹੋਇਆ ਹੈ। ਜਲੂਸ ਜੰਤਰ ਮੰਤਰ ਤੋਂ ਹੋ ਕੇ ਪਾਰਲੀਮੈਂਟ ਵੱਲ ਵਧਿਆ ਤਾਂ ਪੁਲੀਸ ਨੇ ਉਨ੍ਹਾਂ ਨੂੰ ਪਾਰਲੀਮੈਂਟ ਸਟਰੀਟ ਥਾਣੇ ਅੱਗੇ ਰੋਕ ਲਿਆ ਜਿੱਥੇ ਕਿਸਾਨ ਧਰਨਾ ਮਾਰ ਕੇ ਬੈਠ ਗਏ। ਕਿਸਾਨ ਆਗੂ ਓਂਕਾਰ ਸਿੰਘ ਅਗੌਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੇ ਸੋਮੇ ਵਧਾਉਣ ਲਈ ਇੱਕ ਆਮਦਨ ਕਮਿਸ਼ਨ ਬਣਾਏ ਅਤੇ ਹਰ ਕਿਸਾਨ ਦੀ ਘੱਟੋ ਘੱਟ ਮਾਸਿਕ ਆਮਦਨ ਕੇਂਦਰ ਸਰਕਾਰ ਦੇ ਦਰਜਾ ਤੀਜਾ ਕਰਮਚਾਰੀ ਦੇ ਬਰਾਬਰ ਯਕੀਨੀ ਬਣਾਏ। ਇਸ ਦੌਰਾਨ ਯੂਨੀਅਨ ਨੇ ਭਾਜਪਾ ਵਿਰੁੱਧ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ। ਯੂਨੀਅਨ ਦੇ ਸਕੱਤਰ ਘੁੰਮਣ ਸਿੰਘ ਰਾਜਗੜ੍ਹ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਆਗੂ ਗਾਂ ਨੂੰ ਮਾਤਾ ਆਖਦੇ ਹਨ ਅਤੇ ਉਸ ਦੀ ਸਾਂਭ ਸੰਭਾਲ ਲਈ ਲੋਕਾਂ ਉਤੇ ਗਾਂ ਸੈੱਸ ਲਾਇਆ ਹੋਇਆ ਹੈ, ਪਰ ਗਾਂ ਮਾਤਾ ਨੂੰ ਨਾ ਤਾਂ ਸਰਕਾਰ ਅਤੇ ਨਾ ਭਾਜਪਾਈ ਸੰਭਾਲਣ ਦੀ ਜ਼ਿੰਮੇਵਾਰੀ ਲੈਂਦੇ ਹਨ। ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਹਰ ਵਾਰ ਚੋਣਾਂ ਸਮੇਂ ਰਾਜਸੀ ਪਾਰਟੀਆਂ ਵੱਡੇ ਵੱਡੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੀਆਂ ਹਨ ਅਤੇ ਚੋਣਾਂ ਜਿੱਤ ਕੇ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਉਹ ਆਪਣੇ ਰਾਜਨੀਤਕ ਵਪਾਰ ਨੂੰ ਹੋਰ ਪ੍ਰਫੁੱਲਤ ਕਰਨ ਤੋਂ ਵੱਧ ਲੋਕਾਂ ਦਾ ਕੁਝ ਨਹੀਂ ਸੰਵਾਰਦੀਆਂ।
ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਮੋਦੀ ਸਰਕਾਰ ਨੇ ਹਰ ਸਾਲ ਦੇਸ਼ ਦੇ ਅਮੀਰ ਘਰਾਣਿਆਂ ਨੂੰ ਛੇ ਤੋਂ ਸੱਤ ਲੱਖ ਕਰੋੜ ਦੀਆਂ ਟੈਕਸ ਛੋਟਾਂ ਅਤੇ ਰਿਆਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਲਗਭਗ ਦਰਜਨ ਚਹੇਤੇ ਹਜ਼ਾਰਾਂ ਕਰੋੜ ਰੁਪਇਆ ਬੈਂਕਾਂ ਦਾ ਲੁੱਟ ਕੇ ਸਰਕਾਰ ਚਲਾ ਰਹੇ ਨੇਤਾਵਾਂ ਦੀ ਮਿਲੀਭੁਗਤ ਨਾਲ ਵਿਦੇਸ਼ਾਂ ਵਿੱਚ ਜਾ ਬੈਠੇ ਹਨ।