ਪਟਿਆਲਾ, ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਨਵੀਂ ਸੈਰ ਸਪਾਟਾ ਨੀਤੀ ਤਿਆਰ ਕੀਤੀ ਗਈ ਹੈ, ਜਿਸ ਨੂੰ 16 ਅਕਤੂਬਰ ਦੀ ਕੈਬਨਿਟ ਮੀਟਿੰਗ ਵਿੱਚ ਰੱਖਿਆ ਜਾਵੇਗਾ| ਇਹ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ‘ਵਿਸ਼ਵ ਸੈਰ ਸਪਾਟਾ ਦਿਵਸ’ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਏ ਸੂਬਾ ਪੱਧਰੀ ਸੈਮੀਨਾਰ ਦੌਰਾਨ ਕੀਤਾ|
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ, ਜਿਸ ਤਹਿਤ ਪੰਜਾਬ ਦੀਆਂ ਤਿੰਨੇ ਮੁਗ਼ਲ ਸਰਾਵਾਂ ਨੂੰ ਵੈਡਿੰਗ ਸਰਕਟ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਹੁਣ ਪੰਜਾਬੀ ਪਰਿਵਾਰ ਰਾਜਸਥਾਨ ਦੀ ਤਰਜ਼ ’ਤੇ ਇਨ੍ਹਾਂ ਸਰਾਵਾਂ ਵਿੱਚ ਵੱਡੇ ਵਿਆਹ ਸਮਾਗਮ ਕਰ ਸਕਣਗੇ| ਉਨ੍ਹਾਂ ਦੱਸਿਆ ਕਿ ਸੈਰ-ਸਪਾਟਾ ਵਿਭਾਗ ਦੇ ਬੰਦ ਹੋ ਚੁੱਕੇ ਕਰੀਬ 20 ਹੋਟਲਾਂ ਨੂੰ ਸੁਰਜੀਤ ਕਰਨ ਲਈ ਉਨ੍ਹਾਂ ਨੂੰ ਹੋਟਲ ਸਨਅਤ ਦੇ ਵੱਡੇ ਨਿੱਜੀ ਅਦਾਰਿਆਂ ਨੂੰ ਚਲਾਉਣ ਲਈ ਦਿੱਤਾ ਜਾਵੇਗਾ, ਜਿਸ ਦੀ ਆਮਦਨ ਦਾ ਹਿੱਸਾ ਸੂਬਾ ਸਰਕਾਰ ਨੂੰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਬਾਬਾ ਆਲਾ ਸਿੰਘ ਕਿਲ੍ਹਾ ਮੁਬਾਰਕ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ਬੁਟੀਕ ਹੋਟਲ ਬਣਾਇਆ ਜਾਵੇਗਾ, ਜਿਸ ਵਿੱਚ ਪੰਜ ਤਾਰਾ ਹੋਟਲਾਂ ਵਾਲੀਆਂ ਸਹੂਲਤਾਂ ਉਪਲੱਬਧ ਹੋਣਗੀਆਂ| ਸ੍ਰੀ ਸਿੱਧੂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਛੇਤੀ ਹੀ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਨਾਲ ਸਮਝੌਤਾ ਕੀਤਾ ਜਾਵੇਗਾ, ਜਿਸ ਤਹਿਤ ਇਹ ਯੂਨੀਵਰਸਿਟੀਆਂ ਸੈਰ-ਸਪਾਟੇ ਲਈ ਚੰਗੇ ਗਾਈਡ ਵੀ ਤਿਆਰ ਕਰਨਗੀਆਂ| ਪੰਜਾਬ ਸਰਕਾਰ ਛੇਤੀ ਹੀ ਸਾਰੇ ਢਾਬਿਆਂ ਦੀ ਰਜਿਸਟਰੇਸ਼ਨ ਕਰੇਗੀ, ਜਿਸ ਦਾ ਮੁੱਖ ਮਕਸਦ ਸੈਲਾਨੀਆਂ ਨੂੰ ਮਿਆਰੀ ਖਾਣਾ ਮੁਹੱਈਆ ਕਰਾਉਣ ਦੇ ਨਾਲ-ਨਾਲ ਸਾਫ ਸੁਥਰਾ ਮਾਹੌਲ ਮੁਹੱਈਆ ਕਰਵਾਉਣਾ ਹੋਵੇਗਾ| ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਪੰਜਾਬ ਦੇ ਸਾਰੇ ਇਤਿਹਾਸਕ ਤੇ ਰਵਾਇਤੀ ਮੇਲਿਆਂ ਦੀ ਸਾਰ ਨਹੀਂ ਲਈ, ਪਰ ਹੁਣ ਸਾਰੇ ਮੇਲੇ ਲਾਏ ਜਾਣਗੇ| ਉਨ੍ਹਾਂ ਕਾਫ਼ੀ ਦੇਰ ਤੋਂ ਬੰਦ ਪਟਿਆਲਾ ਦਾ ਵਿਰਾਸਤੀ ਮੇਲਾ ਵੀ ਮੁੜ ਕਰਾਉਣ ਦਾ ਐਲਾਨ ਕੀਤਾ|
ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਅਤੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਵੀ ਸੈਰ ਸਪਾਟੇ ਸਬੰਧੀ ਤੱਥ ਪੇਸ਼ ਕੀਤੇ| ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐੱਸ. ਘੁੰਮਣ ਨੇ ਕਿਹਾ ਕਿ ਯੂਨੀਵਰਸਿਟੀ ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਬਣਦਾ ਯੋਗਦਾਨ ਪਾਵੇਗੀ| ਇਸ ਮੌਕੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰਕੀਰਤ ਸਿੰਘ ਆਹਲੂਵਾਲੀਆ ਨੇ ਫਾਰਮ ਟੂਰਿਜ਼ਮ ਬਾਰੇ ਤਜਰਬੇ ਸਾਂਝੇ ਕੀਤੇ| ਟੂਰ ਆਪਰੇਟਰਜ਼ ਪੰਜਾਬ ਦੇ ਚੇਅਰਮੈਨ ਮਨਮੀਤ ਸਿੰਘ ਨੇ ਟੂਰਿਜ਼ਮ ਦੇ ਖੇਤਰ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ।
ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਸਪੱਸ਼ਟ ਕੀਤਾ ਕਿ ਨਿਗਮਾਂ ਦੀ ਨਵੀਂ ਵਾਰਡਬੰਦੀ ਦੌਰਾਨ ਰਾਖਵਾਂਕਰਨ ਪਾਰਦਰਸ਼ੀ ਤਰੀਕੇ ਨਾਲ ਕੀਤਾ ਹੈ। ਜੇਕਰ ਕਿਸੇ ਨੂੰ ਸ਼ਿਕਵਾ ਹੈ ਤਾਂ ਉਹ ਅਦਾਲਤ ਦਾ ਬੂਹਾ ਖੜਕਾ ਸਕਦਾ ਹੈ|