ਚੰਡੀਗੜ੍ਹ, ਪੰਜਾਬ ਨੂੰ ਖ਼ੁਦਮੁਖਤਿਆਰੀ ਦਿਵਾਉਣ ਅਤੇ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਸਮੇਤ ਮਾਂ-ਬੋਲੀ ਪੰਜਾਬੀ ਦੇ ਮੁੱਦੇ ਕਈ ਦਹਾਕਿਆਂ ਬਾਅਦ ਮੁੜ ਸੂਬੇ ਵਿਚ ਵਿਆਪਕ ਪੱਧਰ ’ਤੇ ਉਭਰੇ ਹਨ।
ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਅਤੇ ਯੂਟੀ ਚੰਡੀਗੜ੍ਹ ਦੇ ਸਥਾਪਨਾ ਦਿਵਸ ਮੌਕੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਜਿੱਥੇ ਕਈ ਥਾਈਂ ਨਾਅਰੇ ਗੂੰਜਣਗੇ, ਉਥੇ ਬੁੱਧੀਜੀਵੀ ਇਨ੍ਹਾਂ ਮੁੱਦਿਆਂ ’ਤੇ ਗੰਭੀਰ ਵਿਚਾਰਾਂ ਵੀ ਕਰਨਗੇ। ਉਂਜ, ਪੰਜਾਬ ਵਿਚ ਬਦਲੇ ਸਿਆਸੀ ਸਮੀਕਰਨਾਂ ਕਾਰਨ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਵੀ ਪੰਜਾਬ ਦੇ ਮੁਢਲੇ ਮੁੱਦੇ ਚੇਤੇ ਆ ਗਏ ਹਨ ਅਤੇ ਪਿਛਲੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖ਼ਾਸ ਕਰਕੇ ਚੰਡੀਗੜ੍ਹ ਦੇ ਕਈ ਮੁੱਦੇ ਕੇਂਦਰ ਸਰਕਾਰ ਕੋਲ ਉਠਾਏ ਹਨ। ਪੰਜਾਬ ਦਿਵਸ ਮੌਕੇ ਹੀ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਪੰਜਾਬ ਮੰਚ ਵੱਲੋਂ ਚੰਡੀਗੜ੍ਹ ਵਿਚ ‘ਫੈਡਰਲਵਾਦ ਤੇ ਖੁਦਮੁਖਤਿਆਰ ਕਨਵੈਨਸ਼ਨ’ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਸਮੇਤ ਹੋਰ ਰਾਜਾਂ ਨੂੰ ਖ਼ੁਦਮੁਖਤਿਆਰੀ ਦਿਵਾਉਣ ਦੀ ਅਵਾਜ਼ ਉਠਾਈ ਜਾਵੇਗੀ।
ਇਸ ਤੋਂ ਇਲਾਵਾ ਯੂਟੀ ਚੰਡੀਗੜ੍ਹ ਸਥਾਪਨਾ ਦਿਵਸ ਨੂੰ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪਹਿਲੀ ਨਵੰਬਰ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਪੰਜਾਬੀ ਹਿਤੈਸ਼ੀਆਂ ਵੱਲੋਂ ਸ਼ਹਿਰ ਵਿਚ ਰੋਸ ਮਾਰਚ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਹਾਕਮਾਂ ਨੇ ਕਿਵੇਂ ਇੱਥੋਂ ਦੇ ਲੋਕਾਂ ਦੀ ਮਾਂ ਬੋਲੀ ਦੀ ਬਲੀ ਦੇ ਕੇ ਪ੍ਰਸ਼ਾਸਨ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਥੋਪੀ ਹੈ। ਇਸ ਰੋਸ ਮਾਰਚ ਵਿਚ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਸੁਰਜੀਤ ਪਾਤਰ ਤੇ ਸਕੱਤਰ ਜਨਰਲ ਲਖਵਿੰਦਰ ਜੌਹਲ, ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ, ਸਮਾਜਵਾਦੀ ਪਾਰਟੀ ਦੇ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਪੰਜਾਬੀ ਲੋਕ ਗਾਇਕਾ ਸੁੱਖੀ ਬਰਾੜ ਆਦਿ ਵੀ ਸ਼ਾਮਲ ਹੋਣਗੇ। ਉਧਰ, ਪਹਿਲੀ ਨਵੰਬਰ ਨੂੰ ਹੀ ‘ਆਪ’ ਦੇ ਬਾਗ਼ੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੀ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਆਪਣੇ ਧੜੇ ਸਮੇਤ ਸੈਕਟਰ 17 ਵਿਚ ਧਰਨਾ ਦੇ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਭਾਰਤ ਸਰਕਾਰ ਨੇ ਪੰਜਾਬ ਪੁਨਰਗਠਨ ਐਕਟ-1966 ਦੀ ਉਲੰਘਣਾ ਕਰਕੇ ਯੂਟੀ ਚੰਡੀਗੜ੍ਹ ਬਾਰੇ ਕਈ ਨਵੇਂ ਫ਼ੈਸਲੇ ਲਏ ਸਨ, ਜਿਸ ਤਹਿਤ ਚੰਡੀਗੜ੍ਹ ਪੁਲੀਸ ਕੇਡਰ ਦੇ ਡੀਐਸਪੀਜ਼ ਨੂੰ ਸਮੂਹ ਯੂਟੀਜ਼ ਦੇ ਪੁਲੀਸ ਕੇਡਰ ਵਿਚ ਮਰਜ ਕਰਨ, ਚੰਡੀਗੜ੍ਹ ਪੁਲੀਸ ਵਿਚ ਬਤੌਰ ਐੱਸਐੱਸਪੀ ਤਾਇਨਾਤ ਪੰਜਾਬ ਕੇਡਰ ਦੀ ਆਈਪੀਐੱਸ ਮਹਿਲਾ ਅਧਿਕਾਰ ਨੀਲਾਂਬਰੀ ਵਿਜੈ ਜਗਦਲੇ ਦੇ ਅਧਿਕਾਰਾਂ ਨੂੰ ਕੁਤਰਣ, ਪੰਜਾਬ ਦੇ ਡੈਪੂਟੇਸ਼ਨ ਕੋਟੇ ਨੂੰ ਖੋਰਾ ਲਾਉਣ ਆਦਿ ਜਿਹੇ ਫ਼ੈਸਲੇ ਕੀਤੇ ਸਨ। ਇਸ ਦਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧ ਕੀਤਾ ਸੀ, ਉਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਰੋਸ ਪ੍ਰਗਟਾਇਆ ਸੀ। ਇਸ ਤੋਂ ਬਾਅਦ ਭਾਵੇਂ ਕੇਂਦਰ ਸਰਕਾਰ ਨੇ ਸਥਾਨਕ ਡੀਐਸਪੀਜ਼ ਨੂੰ ਯੂਟੀਜ਼ ਕੇਡਰ ਵਿਚ ਮਰਜ ਕਰਨ ਦੀ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ, ਪਰ ਪੰਜਾਬੀ ਭਾਸ਼ਾ ਅਤੇ ਡੈਪੂਟੇਸ਼ਨ ਆਦਿ ਦੇ ਮੁੱਦੇ ਲਟਕੇ ਹੋਏ ਹਨ।
ਲੱਖਾ ਸਿਧਾਣਾ ਦੀ ਸੰਸਥਾ ਵੱਲੋਂ ਰਾਜਪਾਲ ਦੇ ਘਿਰਾਓ ਦਾ ਐਲਾਨ
ਪੰਜਾਬ ਦਿਵਸ ਮੌਕੇ ਪੰਜਾਬੀ ਮਾਂ-ਬੋਲੀ ਸਤਿਕਾਰ ਸੰਸਥਾ ਪੰਜਾਬ ਦੇ ਪ੍ਰਧਾਨ ਲੱਖਾ ਸਿਧਾਣਾ ਵੱਲੋਂ ਪਹਿਲੀ ਨਵੰਬਰ ਨੂੰ ਚੰਡੀਗੜ੍ਹ ਵਿਚ ਪੰਜਾਬ ਦੇ ਰਾਜਪਾਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤਹਿਤ ਪੰਜਾਬੀ ਹਿਤੈਸ਼ੀ ਪਹਿਲੀ ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ, ਮੁਹਾਲੀ ਵਿਖੇ ਇਕੱਠੇ ਹੋਣਗੇ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ ਜਾਵੇਗਾ। ਸ੍ਰੀ ਸਿਧਾਣਾ ਨੇ ਕਿਹਾ ਕਿ ਉੁਨ੍ਹਾਂ ਨੇ ਇਹ ਪ੍ਰੋਗਰਾਮ ਚੰਡੀਗੜ੍ਹ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਮੰਗ ਨੂੰ ਲੈ ਕੇ ਉਲੀਕਿਆ ਹੈ।