ਚੰਡੀਗੜ੍ਹ, 2 ਮਈ
ਪੰਜਾਬ ਦੀਆਂ ਜੇਲ੍ਹਾਂ ਵਿੱਚ ਐੱਚਆਈਵੀ ਪੀੜਤ ਕੈਦੀਆਂ ਤੇ ਹਵਾਲਾਤੀਆਂ ਦੀ ਵਧਦੀ ਗਿਣਤੀ ਨੇ ਵਿਭਾਗ ਨੂੰ ਜੇਲ੍ਹਾਂ ਦੀ ਹਾਲਤ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਜੇਲ੍ਹਾਂ ਵਿੱਚ ਕੁੱਲ 1500 ਅਜਿਹੇ ਕੈਦੀਆਂ ਜਾਂ ਹਵਾਲਾਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜੋ ਐਚਆਈਵੀ ਪੀੜਤ ਹਨ। ਉਨ੍ਹਾਂ ਕਿਹਾ ਕਿ ਜੇਲ੍ਹਾਂ ਅੰਦਰ ਕੈਦੀਆਂ ਦੀ ਸਿਹਤ ਨੂੰ ਪਹਿਲ ਦਿੱਤੀ ਜਾਵੇਗੀ ਤੇ ਉਹ ਸਿਹਤ ਵਿਭਾਗ ਤੋਂ ਮੰਗ ਕਰਨਗੇ ਕਿ ਜੇਲ੍ਹਾਂ ਅੰਦਰ ਪੱਕੇ ਮਾਹਿਰ ਡਾਕਟਰ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਕੈਦੀਆਂ ਲਈ ਸਿਹਤ ਬੀਮਾ ਯੋਜਨਾ ਲਿਆਉਣ ਦੀ ਯੋਜਨਾ ’ਤੇ ਵੀ ਵਿਚਾਰ ਕੀਤਾ ਜਾਵੇਗਾ। ਮੌਜੂਦਾ ਸਮੇਂ ਜੇਲ੍ਹ ਵਿਭਾਗ ਸਿਹਤ ਮਹਿਕਮੇ ਤੋਂ ਦਵਾਈਆਂ ਖਰੀਦ ਕੇ ਕੈਦੀਆਂ ਨੂੰ ਮੁਫਤ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਕਈ ਕੈਦੀ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ ਜਿਨ੍ਹਾਂ ਦੇ ਇਲਾਜ ਦਾ ਪੂਰਾ ਖਿਆਲ ਰੱਖਿਆ ਜਾਵੇਗਾ। ਐਚਆਈਵੀ ਰੋਗੀ ਕੈਦੀਆਂ ਦੀ ਪਛਾਣ ਸਿਰਫ਼ ਜੇਲ੍ਹ ’ਚ ਆਉਣ ਸਮੇਂ ਲਏ ਗਏ ਖੂਨ ਦੇ ਨਮੂਨਿਆਂ ਦੀ ਪਰਖ ਨਾਲ ਹੋਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇਕਰ ਸਮੁੱਚੇ ਕੈਦੀਆਂ ਤੇ ਹਵਾਲੀਆਂ ਦਾ ਮੈਡੀਕਲ ਕੀਤਾ ਜਾਵੇ ਤਾਂ ਇਹ ਗਿਣਤੀ ਵਧਣ ਦੇ ਵੀ ਆਸਾਰ ਹਨ।
ਸ੍ਰੀ ਰੰਧਾਵਾ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਸੀਸੀਟੀਵੀ ਕੈਮਰੇ ਸਥਾਪਤ ਕੀਤੇ ਜਾਣਗੇ ਤੇ ਇਨ੍ਹਾਂ ਕੈਮਰਿਆਂ ਰਾਹੀਂ ਮੰਤਰੀ ਸਮੇਤ ਹੋਰ ਅਧਿਕਾਰੀ ਮੋਬਾਈਲ ਫੋਨ ’ਤੇ ਵੀ ਜੇਲ੍ਹ ਅੰਦਰ ਵਾਪਰਦੀਆਂ ਘਟਨਾਵਾਂ ਤੇ ਹਰ ਹਰਕਤ ਦੇਖ ਸਕਣਗੇ। ਜੇਲ੍ਹ ਮੰਤਰੀ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਜੇਲ੍ਹਾਂ ਅੰਦਰੋਂ 1500 ਮੋਬਾਈਲ ਫੋਨ ਕੈਦੀਆਂ ਤੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਇਨ੍ਹਾਂ ਮਾਮਲਿਆਂ ਦੀ ਬਾਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਜੇਲ੍ਹ ਦਾ ਕੋਈ ਅਧਿਕਾਰੀ ਜਾਂ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ਅੰਦਰ ਸੁਪਰਡੈਂਟ ਤੋਂ ਬਿਨਾਂ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਹੁਣ ਮੋਬਾਈਲ ਨਹੀਂ ਲਿਜਾ ਸਕੇਗਾ। ਜੇਲ੍ਹ ਮੰਤਰੀ ਨੇ ਦੱਸਿਆ ਕਿ 5ਜੀ ਜੈਮਰ ਲਗਾਉਣ ਦੀ ਤਜਵੀਜ਼ ਪ੍ਰਵਾਨਗੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਹੈ। ਜੇਲ੍ਹ ਮੰਤਰੀ ਨੇ ਦੱਸਿਆ ਕਿ ਜੇਲ੍ਹਾਂ ਅੰਦਰ ਸਕੈਨਰ ਲਾਏ ਜਾਣਗੇ ਤੇ ਜਲਦੀ ਹੀ 10 ਸੂਹੀਆ ਕੁੱਤੇ ਵੀ ਸੁਰੱਖਿਆ ਵਿੰਗ ਵਿੱਚ ਸ਼ਾਮਲ ਕੀਤੇ ਜਾਣਗੇ।
ਸ੍ਰੀ ਰੰਧਾਵਾ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਦੀ ਸਮਰੱਥਾ 23218 ਹੈ ਜਦਕਿ ਕੈਦੀ 22375 ਹਨ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ’ਚ 1119 ਮਹਿਲਾ ਕੈਦੀ ਅਤੇ 132 ਵਿਦੇਸ਼ੀ ਨਾਗਰਿਕ ਹਨ। ਜੇਲ੍ਹਾਂ ਵਿੱਚ ਕੁੱਲ 13000 ਕੈਦੀ ਟਰਾਇਲ ਅਧੀਨ ਹਨ। 132 ਵਿਦੇਸ਼ੀ ਕੈਦੀਆਂ ਵਿੱਚੋਂ 34 ਸਜ਼ਾਯਾਫ਼ਤਾ ਅਤੇ 98 ਟਰਾਇਲ ਅਧੀਨ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ 90 ਕੈਦੀ ਸੰਗੀਨ ਅਪਰਾਧਾਂ ਵਾਲੇ ਹਨ ਜਿਨ੍ਹਾਂ ਨੂੰ ਉੱਚ ਸਰੁੱਖਿਆ ਜ਼ੋਨ ਵਿੱਚ ਰੱਖਿਆ ਗਿਆ ਹੈ। ਬੀਤੇ ਦਿਨੀਂ ਪਾਸਿੰਗ ਆਊਟ ਪਰੇਡ ਵਿੱਚ 150 ਜੇਲ੍ਹ ਸਟਾਫ ਭਰਤੀ ਹੋਇਆ ਹੈ। ਜੇਲ੍ਹਾਂ ਲਈ 500 ਮੁਲਾਜ਼ਮ ਭਰਤੀ ਕਰਨ ਦੀ ਪ੍ਰਕਿਰਿਆ ਵੀ ਜਲਦੀ ਸ਼ੁਰੂ ਹੋਵੇਗੀ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਗ੍ਰਹਿ ਨਿਰਮਲਜੀਤ ਸਿੰਘ ਕਲਸੀ, ਏਡੀਜੀਪੀ ਜੇਲ੍ਹਾਂ ਇਕਬਾਲ ਪ੍ਰੀਤ ਸਿੰਘ ਸਹੋਤਾ, ਆਈਜੀ ਜੇਲ੍ਹਾਂ ਆਰਕੇ ਅਰੋੜਾ, ਜੇਲ੍ਹਾਂ ਦੀਆਂ ਰੇਂਜਾਂ ਦੇ ਡੀਆਈਜੀ ਸੁਰਿੰਦਰ ਸਿੰਘ ਸੈਣੀ ਤੇ ਕੈਪਟਨ ਲਖਮਿੰਦਰ ਸਿੰਘ ਜਾਖੜ ਸਮੇਤ ਸਾਰੀਆਂ ਜੇਲ੍ਹਾਂ ਦੇ ਸੁਪਰਡੈਂਟ ਹਾਜ਼ਰ ਸਨ।