ਬਠਿੰਡਾ, ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਡੇਰਾ ਸਿਰਸਾ ਦੇ ਪੰਜਾਬ ਅਤੇ ਹਰਿਆਣਾ ਵਿਚਲੇ ਸਾਰੇ ਡੇਰੇ ਸੀਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 20 ਸਾਲਾਂ ਤੋਂ ਡੇਰਾ ਸਿਰਸਾ ’ਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਹਰਿਆਣਾ ਤੇ ਪੰਜਾਬ ਦੀਆਂ ਤਤਕਾਲੀ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅਤੇ ਇਹ ਸਰਕਾਰਾਂ ਵੋਟਾਂ ਖ਼ਾਤਰ ਡੇਰੇ ਦੀ ਪੁਸ਼ਤ-ਪਨਾਹੀ ਕਰਦੀਆਂ ਰਹੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਡੇਰੇ ਸਬੰਧੀ ਸਿੱਖਾਂ ਖ਼ਿਲਾਫ਼ ਬਿਨਾਂ ਕਸੂਰ ਤੋਂ ਦਰਜ ਕੀਤੇ ਕੇਸ ਰੱਦ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਹੁਣ ਡੇਰਾ ਮੁਖੀ ਨੂੰ ਸੀਬੀਆਈ ਅਦਾਲਤ ਵੱਲੋਂ ਸਜ਼ਾ ਮਿਲਣ ਕਾਰਨ ਸਭ ਕੁਝ ਸਪੱਸ਼ਟ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੱਚਾ ਸੌਦਾ ਕੋਈ ਧਰਮ ਨਹੀਂ ਬਲਕਿ ਇੱਕ ਸੰਸਥਾ ਹੈ। ਇਸ ਲਈ ਸਿੱਖਾਂ ’ਤੇ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ 295-ਏ ਧਾਰਾ ਲਾਉਣਾ ਗ਼ਲਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਡੇਰਾ ਸਿਰਸਾ ’ਚ ਹਥਿਆਰਾਂ ਦੇ ਭੰਡਾਰ ਹਨ, ਜਿਨ੍ਹਾਂ ਦੀ ਸੀਬੀਆਈ ਵੱਲੋਂ ਜਾਂਚ ਤੇ ਤਲਾਸ਼ੀ ਹੋਣੀ ਚਾਹੀਦੀ ਹੈ। ਉਨ੍ਹਾਂ ਸਿੱਖ ਅਤੇ ਹੋਰ ਧਰਮਾਂ ਦੇ ਭਟਕੇ ਹੋਏ ਲੋਕਾਂ ਨੂੰ ਵਾਪਸ ਆਪਣੇ ਧਰਮ ਵਿੱਚ ਪਰਤਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਥਕ ਅਖਵਾਉਣ ਵਾਲੇ ਬਾਦਲ ਸੱਤਾ ’ਚ ਹੁੰਦਿਆਂ ਡੇਰੇ ਦੀ ਮੱਦਦ ਕਰਦੇ ਰਹੇ ਹਨ, ਇਸ ਲਈ ਉਨ੍ਹਾਂ ਨੂੰ ਹੁਣ ਡੇਰੇ ਬਾਰੇ ਬੋਲਣ ਦਾ ਕੋਈ ਹੱਕ ਨਹੀਂ।