ਚੰਡੀਗੜ੍ਹ: ਪੰਜਾਬ ਵਿੱਚ ਇਸ ਵੇਲੇ ਮੌਸਮ ਆਮ ਵਾਂਗ ਹੀ ਬਣਿਆ ਹੋਇਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਦਸੰਬਰ ਤੋਂ ਕੋਲਡ ਵੇਵ ਅਤੇ ਜਨਵਰੀ-ਫਰਵਰੀ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਇਸ ਨਾਲ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਰਗੇ ਸ਼ਹਿਰਾਂ ਦੀਆਂ ਰਾਤਾਂ ਹਿਮਾਚਲ ਨਾਲੋਂ ਵੀ ਵੱਧ ਠੰਢੀਆਂ ਹੋਣਗੀਆਂ।
ਪਿਛਲੇ 24 ਘੰਟਿਆਂ ਵਿੱਚ ਹਵਾ ਦੀ ਦਿਸ਼ਾ ਫਿਰ ਬਦਲ ਗਈ ਹੈ। ਹੁਣ ਪਹਾੜਾਂ ਵੱਲੋਂ ਹੇਠਾਂ ਵੱਲ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਘਟਿਆ ਹੈ। ਅਗਲੇ ਦਿਨਾਂ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ 2 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ।
ਸੈਂਟਰਲ ਪ੍ਰਦੂਸ਼ਣ ਕੰਟ੍ਰੋਲ ਬੋਰਡ (CPCB) ਅਨੁਸਾਰ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ। ਦੀਵਾਲੀ ਤੋਂ ਤਿੰਨ ਦਿਨ ਪਹਿਲਾਂ ਜਿੱਥੇ ਔਸਤ AQI 226 ਤੱਕ ਪਹੁੰਚ ਗਿਆ ਸੀ, ਉੱਥੇ ਹੁਣ ਇਹ ਘਟ ਕੇ 161 ‘ਤੇ ਆ ਗਿਆ ਹੈ। ਯਾਨੀ ਤਿੰਨ ਦਿਨਾਂ ਵਿੱਚ ਹੀ ਪ੍ਰਦੂਸ਼ਣ ਵਿੱਚ 65 ਅੰਕਾਂ ਦੀ ਗਿਰਾਵਟ ਆਈ ਹੈ।
ਸੂਬੇ ਵਿੱਚ ਸਿਰਫ਼ ਰੂਪਨਗਰ ਜ਼ਿਲ੍ਹੇ ਵਿੱਚ AQI 230 ਤੱਕ ਪਹੁੰਚਿਆ ਹੈ। ਮੰਡੀ ਗੋਬਿੰਦਗੜ੍ਹ ਵਿੱਚ ਵੀ ਪ੍ਰਦੂਸ਼ਣ ਘਟਿਆ ਹੈ ਅਤੇ ਉੱਥੇ AQI 200 ਦਰਜ ਕੀਤਾ ਗਿਆ ਹੈ। ਰੂਪਨਗਰ ਵਿੱਚ ਹਵਾ ਦੀ ਰਫ਼ਤਾਰ ਹੌਲੀ ਹੋਣ ਕਾਰਨ “ਲਾਕ” ਵਾਲੀ ਸਥਿਤੀ ਬਣੀ ਹੈ, ਜਿਸ ਨਾਲ ਪ੍ਰਦੂਸ਼ਣ ਵਧਿਆ ਹੋਇਆ ਹੈ।
ਤਾਪਮਾਨ 23 ਤੋਂ 34 ਡਿਗਰੀ ਵਿਚਾਲੇ ਰਹੇਗਾ
ਮੌਸਮ ਵਿਗਿਆਨ ਕੇਂਦਰ ਅਨੁਸਾਰ ਅਕਤੂਬਰ ਦੇ ਆਖਰੀ ਹਫ਼ਤੇ ਵਿੱਚ ਉੱਤਰੀ ਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 26 ਤੋਂ 30 ਡਿਗਰੀ, ਦੱਖਣੀ-ਪੱਛਮੀ ਇਲਾਕਿਆਂ ਵਿੱਚ 32 ਤੋਂ 34 ਡਿਗਰੀ ਅਤੇ ਬਾਕੀ ਥਾਵਾਂ ‘ਤੇ 30 ਤੋਂ 32 ਡਿਗਰੀ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਘੱਟੋ-ਘੱਟ ਤਾਪਮਾਨ ਉੱਤਰੀ-ਪੂਰਬੀ ਜ਼ਿਲ੍ਹਿਆਂ ਵਿੱਚ 12 ਤੋਂ 14 ਡਿਗਰੀ, ਪਠਾਨਕੋਟ ਵਿੱਚ 10 ਤੋਂ 12 ਡਿਗਰੀ ਅਤੇ ਬਾਕੀ ਥਾਵਾਂ ‘ਤੇ 14 ਤੋਂ 16 ਡਿਗਰੀ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੂਰੇ ਸੂਬੇ ਵਿੱਚ ਤਾਪਮਾਨ ਆਮ ਵਾਂਗ ਰਹੇਗਾ। ਹਫ਼ਤੇ ਭਰ ਮੌਸਮ ਸਾਫ਼ ਤੇ ਸੁੱਕਾ ਰਹੇਗਾ ਅਤੇ ਰਾਤਾਂ ਵਿੱਚ ਹਲਕੀ ਠੰਢ ਮਹਿਸੂਸ ਹੋਵੇਗੀ।














