ਸੰਕਟ ਦੇ ਬਾਵਜੂਦ ‘ਆਪ’ ਦੇ ਤੀਜੀ ਧਿਰ ਵਜੋਂ ਉਭਰਨ ਦਾ ਦਾਅਵਾ

ਬਠਿੰਡਾ, 12 ਅਕਤੂਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਆਖਿਆ ਕਿ ਪਾਰਟੀ ਆਉਂਦੀਆਂ ਲੋਕ ਸਭਾ ਚੋਣਾਂ ਪੰਜਾਬ ’ਚ ਆਪਣੇ ਦਮ ’ਤੇ ਇਕੱਲਿਆਂ ਲੜੇਗੀ। ਉਨ੍ਹਾਂ ਸਾਫ਼ ਕੀਤਾ ਕਿ ਲੋਕ ਸਭਾ ਚੋਣਾਂ ’ਚ ‘ਆਪ’ ਵੱਲੋਂ ਸੂਬੇ ਵਿੱਚ ਕਿਸੇ ਵੀ ਸਿਆਸੀ ਧਿਰ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ ਅਤੇ ਸਾਰੀਆਂ ਸੀਟਾਂ ’ਤੇ ਪਾਰਟੀ ਦੇ ਉਮੀਦਵਾਰ ਉਤਾਰੇ ਜਾਣਗੇ। ਉਨ੍ਹਾਂ ‘ਆਪ’ ਦੇ ਆਗਾਮੀ ਚੋਣਾਂ ’ਚ ਤੀਸਰੇ ਬਦਲ ਵਜੋਂ ਉਭਰਨ ਦੀ ਗੱਲ ਵੀ ਆਖੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਵਿੱਚ ਆਈ ਜਿਸ ਦੀ ਹੁਣ ਪੋਲ ਖੁੱਲ੍ਹ ਚੁੱਕੀ ਹੈ। ਸ੍ਰੀ ਕੇਜਰੀਵਾਲ ਅਤੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਬਠਿੰਡਾ ’ਚ ‘ਆਪ’ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਗ਼ੈਰਰਸਮੀ ਗੱਲਬਾਤ ਦੌਰਾਨ ਉਨ੍ਹਾਂ ਆਖਿਆ,‘‘ਪੰਜਾਬ ਵਿੱਚ ਸੱਤਾ ਜ਼ਰੂਰ ਬਦਲੀ ਪ੍ਰੰਤੂ ਹੋਰ ਕੁੱਝ ਵੀ ਨਹੀਂ ਬਦਲਿਆ ਹੈ। ਨਸ਼ਿਆਂ ਦੀ ਵਿਕਰੀ ਉਵੇਂ ਹੀ ਜਾਰੀ ਹੈ। ਰੁਜ਼ਗਾਰ ਸਰਕਾਰ ਦੇ ਨਹੀਂ ਸਕੀ ਅਤੇ ਕਿਸਾਨਾਂ ਦਾ ਪੂਰਾ ਕਰਜ਼ਾ ਸਿਰ ’ਤੇ ਖੜ੍ਹਾ ਹੈ।’’ ਉਨ੍ਹਾਂ ਆਖਿਆ ਕਿ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਆਪਸ ਵਿੱਚ ਰਲੇ ਹੋਏ ਹਨ ਅਤੇ ਅਜਿਹੇ ਮਾਹੌਲ ਵਿੱਚ ‘ਆਪ’ ਤੀਸਰੇ ਬਦਲ ਵਜੋਂ ਉਭਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੀ ਮਕਬੂਲੀਅਤ ਪੰਜਾਬ ਵਿੱਚ ਘਟੀ ਨਹੀਂ ਹੈ। ਸ੍ਰੀ ਕੇਜਰੀਵਾਲ ਨੇ ਖਹਿਰਾ ਧੜੇ ਦੇ ਸੁਆਲ ’ਤੇ ਕੋਈ ਬਹੁਤਾ ਵਿਸਥਾਰ ’ਚ ਗੱਲ ਨਹੀਂ ਕੀਤੀ ਪ੍ਰੰਤੂ ਉਨ੍ਹਾਂ ਇਹ ਜ਼ਰੂਰ ਆਖਿਆ ਕਿ ਜਲਦੀ ਹੀ ਸਾਰੇ ਇਕੱਠੇ ਦਿਖਣਗੇ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀ ਪਾਏ ਗਏ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸੇ ਤਰ੍ਹਾਂ ਸਰਕਾਰ ਨੇ ਨਵਾਂ ਰੁਜ਼ਗਾਰ ਤਾਂ ਕੀ ਪੈਦਾ ਕਰਨਾ ਸੀ ਬਲਕਿ ਅਧਿਆਪਕਾਂ ਨੂੰ ਪੂਰੀ ਤਨਖ਼ਾਹ ਦੇਣ ਤੋਂ ਵੀ ਉਹ ਭੱਜ ਗਈ ਹੈ। ਸ੍ਰੀ ਕੇਜਰੀਵਾਲ ਨੇ ‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ ਅੱਜ ਸੰਗਰੂਰ ਜ਼ਿਲ੍ਹੇ ਦੀ ਅਦਾਲਤ ’ਚੋਂ ਰਾਹਤ ਮਿਲਣ ’ਤੇ ਟਿੱਪਣੀ ਕਰਦਿਆਂ ਕਰਦਿਆਂ ਕਿਹਾ ਕਿ ਅਦਾਲਤ ਦੇ ਫ਼ੈਸਲੇ ਨੇ ਸੱਚ ’ਤੇ ਮੋਹਰ ਲਾਈ ਹੈ। ਪਰਾਲੀ ਦੇ ਮੁੱਦੇ ਬਾਰੇ ਦਿੱਲੀ ਦੇ ਮੁੱਖ ਮੰਤਰੀ ਨੇ ਆਖਿਆ ਕਿ ਉਹ ਕੇਂਦਰੀ ਮੰਤਰੀ ਹਰਸ਼ਵਰਧਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲੇ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਆਖੀ ਸੀ ਪ੍ਰੰਤੂ ਹਾਲੇ ਤੱਕ ਹਕੀਕੀ ਰੂਪ ਵਿੱਚ ਕਿਸੇ ਨੇ ਕੁੱਝ ਨਹੀਂ ਕੀਤਾ ਹੈ। ਪਤਾ ਲੱਗਾ ਹੈ ਕਿ ਕੇਜਰੀਵਾਲ ਨੇ ਅੱਜ ਪਾਰਟੀ ਵਿਧਾਇਕਾਂ ਨਾਲ ਪੰਜਾਬ ਦੀ ਰਣਨੀਤੀ ਬਾਬਤ ਕੁੱਝ ਨੁਕਤੇ ਵੀ ਸਾਂਝੇ ਕੀਤੇ ਹਨ ਜਿਨ੍ਹਾਂ ’ਚੋਂ ਕੁੱਝ ਖਹਿਰਾ ਧੜੇ ਨਾਲ ਸਬੰਧਤ ਹਨ। ਸ੍ਰੀ ਕੇਜਰੀਵਾਲ ਨਾਲ ਸੰਸਦ ਮੈਂਬਰ ਭਗਵੰਤ ਮਾਨ ਵੀ ਹਾਜ਼ਰ ਸਨ।