ਚੰਡੀਗੜ੍ਹ, 18 ਮਈ
ਪੰਜਾਬ ਦੇ ਗੈਰ ਸੀਮਤ ਜ਼ੋਨਾਂ ’ਚ ਅੱਜ ਕਰੀਬ ਪੌਣੇ ਦੋ ਮਹੀਨਿਆਂ ਦੇ ਵਕਫ਼ੇ ਮਗਰੋਂ ਚਹਿਲ ਪਹਿਲ ਸ਼ੁਰੂ ਹੋ ਗਈ ਹੈ। ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦੇ ਬੂਹੇ ਅੱਜ ਖੁੱਲ੍ਹ ਗਏ, ਜਦੋਂ ਕਿ ਵਿਦਿਅਕ ਅਦਾਰਿਆਂ ਵਿਚ ਸਿਰਫ਼ ਦਫ਼ਤਰੀ ਕੰਮ ਕਾਰ ਸ਼ੁਰੂ ਹੋਇਆ ਹੈ। ਸੈਲੂਨ ਤੇ ਹੋਰ ਦੁਕਾਨਾਂ ਵੀ ਅੱਜ ਖੁੱਲ੍ਹ ਗਈਆਂ, ਜਿਥੇ ਅੱਜ ਲੋਕਾਂ ਦਾ ਆਉਣ ਜਾਣ ਵੇਖਿਆ ਗਿਆ। ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰੀ ਵਿਕਾਸ ਦੇ ਕੰਮ ਵੀ ਭਲਕੇ ਤੋਂ ਲੀਹ ’ਤੇ ਪੈਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਨੇ ਲੌਕਡਾਊਨ 4.0 ਤਹਿਤ ਗੈਰ ਸੀਮਤ ਜ਼ੋਨਾਂ ਵਿਚ ਸਵੇਰ 7 ਤੋਂ ਸ਼ਾਮ 7 ਵਜੇ ਤੱਕ ਲੋਕਾਂ ਨੂੰ ਆਉਣ ਜਾਣ ਦੀ ਖੁੱਲ੍ਹ ਦਿੱਤੀ ਗਈ ਹੈ। ਟੈਕਸੀਆਂ, ਆਟੋ ਰਿਕਸ਼ੇ, ਰਿਕਸ਼ੇ ਤੇ ਹੋਰ ਦੋ ਤੇ ਚਾਹ ਪਹੀਆ ਵਾਹਨ ਚੱਲਣੇ ਸ਼ੁਰੂ ਹੋ ਗਏ ਹਨ। ਰੈਸਟੋਰੈਂਟਸ ਨੇ ਹੋਮ ਡਿਲਿਵਰੀ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ। ਬੈਂਕ,ਵਿੱਤੀ ਅਦਾਰਿਆਂ ਤੋਂ ਇਲਾਵਾ ਕੋਰੀਅਰ ਅਤੇ ਡਾਕ ਸੇਵਾ ਵੀ ਸ਼ੁਰੂ ਹੋ ਗਈ ਹੈ। ਖੇਡ ਸਟੇਡੀਅਮ ਖੁੱਲ੍ਹ ਗਏ ਹਨ ਪ੍ਰੰਤੂ ਇੱਥੇ ਭੀੜ ਜੁੜਨ ਦੀ ਮਨਾਹੀ ਕੀਤੀ ਗਈ ਹੈ। ਵਿਦਿਅਕ ਅਦਾਰੇ, ਹੋਟਲ, ਸ਼ਾਪਿੰਗ ਮਾਲਜ਼, ਹਵਾਈ ਸੇਵਾ, ਰੇਲ ਤੇ ਮੈਟਰੋ ਸੇਵਾ ਹਾਲੇ ਬੰਦ ਰੱਖੀ ਗਈ ਹੈ ਅਤੇ ਇਸੇ ਤਰ੍ਹਾਂ ਸਿਆਸੀ, ਸਮਾਜਿਕ ਤੇ ਕਲਚਰਲ ਇਕੱਠ, ਧਾਰਮਿਕ ਥਾਵਾਂ ’ਤੇ ਲੋਕਾਂ ਦੇ ਇਕੱਠੇ ਹੋਣ ’ਤੇ ਹਾਲੇ ਪਾਬੰਦੀ ਹੈ।