ਚੰਡੀਗੜ੍ਹ: ਪੰਜਾਬ ਵਿੱਚ ਜਲਦੀ ਹੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਹੋਣ ਵਾਲਾ ਹੈ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਂਝੀ ਕੀਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਉਹ ਅਕਸਰ ਪੰਜਾਬ ਵਿੱਚ ਅੰਤਰਰਾਸ਼ਟਰੀ ਖੇਡ ਮੁਕਾਬਲੇ ਕਰਵਾਉਣ ਦੀ ਮੰਗ ਕਰ ਰਹੇ ਹਨ। ਚੰਡੀਗੜ੍ਹ ਵਿੱਚ ਖਿਡਾਰੀਆਂ ਦੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਭਾਰਤੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਦਿਲੀਪ ਟਿਰਕੀ ਨਾਲ ਵੀ ਗੱਲ ਕੀਤੀ ਹੈ।
ਸੀਐਮ ਮਾਨ ਨੇ ਭਾਰਤੀ ਹਾਕੀ ਫੈਡਰੇਸ਼ਨ ਨੂੰ ਪੰਜਾਬ ਵਿੱਚ ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਉਣ ਦੀ ਬੇਨਤੀ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਸਟੇਡੀਅਮਾਂ ਵਿੱਚ ਲਿਜਾ ਕੇ ਖੇਡਾਂ ਨਾਲ ਜੋੜ ਸਕਦੇ ਹਾਂ।ਇਸ ਦੇ ਲਈ ਉਨ੍ਹਾਂ ਨੇ ਦਲੀਪ ਟਿਰਕੀ ਨਾਲ ਵਾਅਦਾ ਵੀ ਕੀਤਾ ਹੈ ਕਿ ਇਸ ਸਾਲ ਮਈ ਦੇ ਆਸ-ਪਾਸ ਪੰਜਾਬ ਵਿੱਚ 4 ਦੇਸ਼ਾਂ ਦਾ ਅੰਡਰ-21 ਹਾਕੀ ਟੂਰਨਾਮੈਂਟ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਵਿੱਚ ਜਰਮਨੀ, ਆਸਟ੍ਰੇਲੀਆ, ਸਪੇਨ ਅਤੇ ਭਾਰਤ ਦੀਆਂ ਟੀਮਾਂ ਭਾਗ ਲੈਣ ਜਾ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਦੋਂ ਤੱਕ ਅਸੀਂ ਆਪਣੀਆਂ ਗਰਾਊਂਡਾਂ ਨੂੰ ਅੱਪਡੇਟ ਕਰਾਂਗੇ, ਕਿਉਂਕਿ ਜਦੋਂ ਤਕ ਇੰਟਰਨੈਸ਼ਨਲ ਮੁਕਾਬਲੇ ਨਾ ਹੋਣ, ਗਰਾਊਂਡ ਉਸ ਲੈਵਲ ਤਕ ਅਪਗ੍ਰੇਡ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਸ਼ੁਰੂ ਤੋਂ ਹੀ ਖੇਡਾਂ ਵਿਚ ਅੱਗੇ ਰਹੇ ਹਨ। ਅੱਜ ਵੀ ਸਾਡੇ ਖਿਡਾਰੀ ਵੱਖ-ਵੱਖ ਖੇਡਾਂ ਵਿਚ ਝੰਡੇ ਗੱਡ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ ਤੇ ਹਰਮਨਪ੍ਰੀਤ ਕੌਰ ਦੀ ਵੀ ਮਿਸਾਲ ਦਿੱਤੀ।