ਚੰਡੀਗੜ੍ਹ/ਜਲੰਧਰ— ਪੰਜਾਬ ‘ਚ ਨਸ਼ਿਆਂ ਦਾ ਕੋਹੜ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਨਸ਼ਿਆਂ ਦੇ ਕਾਰਨ ਕਈ ਨੌਜਵਾਨ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਪੰਜਾਬ ‘ਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਦੇ ਲਈ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਗੂਗਲ’ ਅਤੇ ‘ਫੇਸਬੁੱਕ’ ਨੂੰ ਮਦਦ ਦੀ ਅਪੀਲ ਕੀਤੀ ਹੈ। ਫੇਸਬੁੱਕ ਅਤੇ ਟਵਿੱਟਰ ‘ਤੇ ਕੈਪਟਨ ਨੇ ਲਿਖਿਆ, ”ਪੰਜਾਬ ‘ਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਮੈਂ ਹਰ ਇਕ ਦਰਵਾਜ਼ਾ ਖੜਕਾਵਾਂਗਾ। ਮੈਂ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਅਤੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੂੰ ਵੀ ਇਸ ਕੋਹੜ ਨੂੰ ਖਤਮ ਕਰਨ ਦੀ ਲੜਾਈ ‘ਚ ਸਾਡਾ ਤਕਨੀਕੀ ਰੂਪ ‘ਚ ਸਹਿਯੋਗ ਪ੍ਰਦਾਨ ਕਰਨ ਲਈ ਲਿਖਿਆ ਹੈ।” ਉਨ੍ਹਾਂ ਨੇ ਲਿਖਿਆ ਕਿ ਅਸੀਂ ਉਨ੍ਹਾਂ ਤੋਂ ਮਦਦ ਦੀ ਅਪੀਲ ਕਰਦੇ ਹਾਂ। ਕੈਪਟਨ ਅਮਰਿੰਦਰ ਸਿੰਘ ਨੇ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੂੰ ਪੱਤਰ ਲਿਖ ਕੇ ਆਉਣ ਵਾਲੇ ਪੰਜ ਸਾਲਾਂ ‘ਚ ਉਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉਨ੍ਹਾਂ ਦੀ ਮਦਦ ਮੰਗੀ ਹੈ। ਉਨ੍ਹਾਂ ਦੋਵਾਂ ਕੰਪਨੀਆਂ ਦੇ ਮੁਖੀਆਂ ਨੂੰ ਲਿਖਿਆ ਹੈ ਕਿ ਆਉਣ ਵਾਲੇ ਦਿਨਾਂ ‘ਚ ਉਹ ਨਸ਼ਿਆਂ ਦੇ ਮਾਮਲੇ ‘ਤੇ ਨਵੇਂ ਐਲਾਨ ਅਤੇ ਕਾਰਵਾਈਆਂ ਕਰ ਵਾਲੇ ਹਨ, ਇਸ ਲਈ ਉਨ੍ਹਾਂ ਦੇ ਸਾਥ ਦੀ ਬੇਹੱਦ ਜ਼ਰੂਰਤ ਹੈ।ਕੈਪਟਨ ਨੇ ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੂੰ ਲਿਖਿਆ ਹੈ, ”ਜਿਵੇਂ ਕਿ ਇੰਟਰਨੈੱਟ ਨੂੰ ਬਹੁਤ ਨੌਜਵਾਨ ਵਰਤਦੇ ਹਨ ਅਤੇ ਇਥੇ (ਨਸ਼ੇ) ਦਾ ਐਡਿਕਟ ਹੋਣ ਲਈ ਕਈ ਤਰ੍ਹਾਂ ਦੇ ਨਵੇਂ ਢੰਗ ਤਰੀਕੇ ਅਤੇ ‘ਮਾਲ’ ਦੀ ਸਪਲਾਈ ਬਾਰੇ ਜਾਣਕਾਰੀ ਵੱਡੀ ਮਾਤਰਾ ‘ਚ ਉਪਲਬਧ ਹੈ। ਇਸ ਲਈ ਤੁਹਾਡੇ ਵੱਲੋਂ ਬਣਾਈਆਂ ਗਈਆਂ ਸੇਵਾਵਾਂ ਅਤੇ ਪ੍ਰੋਡਕਟਸ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ‘ਚ ਤੁਸੀਂ ਸਾਡੀ ਸਹਾਇਤਾ ਕਰੋਗੇ।” ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਕੈਪਟਨ ਨੇ ਸੁਝਾਅ ਵੀ ਮੰਗੇ।