ਪਟਿਆਲਾ ਲਈ 25 ਹੋਰ, ਜਲੰਧਰ ਲਈ 79 ਅਤੇ ਅੰਮਿ੍ਰਤਸਰ ਲਈ 80 ਉਮੀਦਵਾਰਾਂ ਦਾ ਐਲਾਨ
ਚੰਡੀਗੜ,6 ਦਸੰਬਰ: ਪੰਜਾਬ ਕਾਂਗਰਸ ਨੇ ਸੂਬੇ ਵਿੱਚ ਆਉਣ ਵਾਲੀਆਂ ਐਮ.ਸੀ. ਚੋਣਾਂ ਲਈ ਉਮੀਦਵਾਰਾਂ ਦੀਆਂ ਤਿੰਨ ਹੋਰ ਸੂਚੀਆਂ ਜਾਰੀ ਕਰ ਦਿੱਤੀਆਂ ਹਨ, ਜਿਨਾਂ ਵਿਚ ਪਟਿਆਲਾ ਤੋਂ 25 ਹੋਰ ਉਮੀਦਵਾਰਾਂ, ਜਲੰਧਰ ਤੋਂ 79 ਅਤੇ ਅੰਮਿ੍ਰਤਸਰ ਤੋਂ 80 ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਇਕ ਬੁਲਾਰੇ ਅਨੁਸਾਰ ਅੱਜ 25 ਨਾਵਾਂ ਦਾ ਐਲਾਨ ਕਰਨ ਦੇ ਨਾਲ ਹੁਣ ਤੱਕ ਪਟਿਆਲਾ ਦੇ 60 ਵਾਰਡਾਂ ਲਈ 56 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਸਿਰਫ ਚਾਰ ਉਮੀਦਵਾਰਾਂ ਦਾ ਹੋਰ ਐਲਾਨ ਕਰਨਾ ਬਾਕੀ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਪਟਿਆਲਾ ਤੋਂ 31 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਸੀ।
ਜਲੰਧਰ ਤੋਂ ਪਾਰਟੀ ਨੇ 79 ਉਮੀਦਵਾਰਾਂ ਦੇ ਨਾਂ ਜਾਰੀ ਕਰ ਦਿੱਤੇ ਹਨ ਜਿਸ ਨਾਲ ਸਿਰਫ ਇਕ ਉਮੀਦਵਾਰ ਬਾਰੇ ਫੈਸਲਾ ਕਰਨਾ ਬਾਕੀ ਹੈ। ਬੁਲਾਰੇ ਨੇ ਦੱਸਿਆ ਕਿ ਜਲੰਧਰ ਵਿਚ ਦੋ ਮੌਜੂਦਾ ਮੈਂਬਰਾਂ ਨੂੰ ਟਿਕੱਟ ਨਹੀਂ ਦਿੱਤੀ ਗਈ ਜਿਨਾਂ ਵਿਚ ਜਲੰਧਰ ਪੱਛਮੀ ਖੇਤਰ ਦੇ ਡਾ. ਪ੍ਰਦੀਪ ਅਤੇ ਬਲਦੇਵ ਹਨ। ਉਨਾਂ ਨੂੰ ਅਨੁਸ਼ਾਸਨਹੀਣਤਾ ਕਾਰਨ ਟਿਕੱਟ ਨਹੀਂ ਦਿੱਤੀ ਗਈ ਕਿਉਂਕਿ ਉਨਾਂ ਨੇ ਪਹਿਲਾਂ ਹੀ ਪਾਰਟੀ ਵਿਰੁੱਧ ਬਗਾਵਤ ਕੀਤੀ ਸੀ ਅਤੇ ਉਨਾਂ ਨੂੰ ਘੋਰ ਦੁਰਵਿਹਾਰ ਲਈ ਮੁਅੱਤਲ ਕਰ ਦਿੱਤਾ ਗਿਆ ਸੀ।
ਅੰਮਿ੍ਰਤਸਰ ਦੇ ਵਾਸਤੇ ਪੰਜਾਬ ਕਾਂਗਰਸ ਨੇ 85 ਵਾਰਡਾਂ ਦੇ ਵਾਸਤੇ 80 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਸੋਮਵਾਰ ਨੂੰ ਆਪਣੀ ਪਹਿਲੀ ਸੂਚੀ ਜਾਰੀ ਕਰਦਿਆਂ ਪਾਰਟੀ ਨੇ ਐਲਾਨ ਕੀਤਾ ਸੀ ਕਿ ਉਹ ਮੌਜੂਦਾ ਕੌਂਸਲਰਾਂ ਨੂੰ ਛੱਡ ਕੇ ਇਕ ਪਰਿਵਾਰ-ਇਕ ਟਿੱਕਟ ਦੇ ਨਿਯਮਾਂ ਦੀ ਪਾਲਣਾ ਕਰੇਗੀ। ਇਸ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਬਾਗੀਆਂ ਵਿਰੁੱਧ ਸਖ਼ਤ ਰੁਖ ਅਪਣਾਵੇਗੀ।
ਇਹ ਫੈਸਲਾ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ ਸੀ। ਨਵੀਂ ਦਿੱਲੀ ਵਿਖੇ ਹੋਈ ਇਸ ਮੀਟਿੰਗ ਵਿੱਚ ਸੁਨੀਲ ਜਾਖੜ, ਏ.ਆਈ.ਸੀ.ਸੀ. ਦੇ ਸਕੱਤਰ ਅਤੇ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਏ.ਆਈ.ਸੀ.ਸੀ ਦੇ ਸਕੱਤਰ ਹਰੀਸ਼ ਚੌਧਰੀ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 2012 ਅਤੇ 2014 ਵਿੱਚ ਪਾਰਟੀ ਛੱਡਣ ਵਾਲਿਆਂ ਨੂੰ ਐਮ.ਸੀ. ਚੋਣਾਂ ’ਚ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਜਿਨਾਂ ਨੇ ਪਹਿਲਾਂ ਐਮ.ਸੀ. ਚੋਣਾਂ ਲੜੀਆਂ ਅਤੇ ਹਾਰ ਗਏ ਸਨ ਉਨਾਂ ਨੂੰ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਣ ਲਈ ਟਿਕਟਾਂ ਦੇਣ ਵਾਸਤੇ ਵਿਚਾਰਿਆ ਜਾਵੇਗਾ।
ਪਾਰਟੀ ਦੇ ਬੁਲਾਰੇ ਅਨੁਸਾਰ ਇਸ ਫੈਸਲੇ ਦਾ ਮਕਸਦ ਵਫਾਦਾਰੀ ਨੂੰ ਉਤਸ਼ਾਹਤ ਕਰਨਾ ਅਤੇ ਪਾਰਟੀ ਮੈਂਬਰਾਂ ਦੇ ਮਨੋਬਲ ਨੂੰ ਵਧਾਉਣਾ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਹੋਰਨਾਂ ਪਾਰਟੀਆਂ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਲੋਕਾਂ ’ਤੇ ਕਾਂਗਰਸ ਦੇ ਮੂਲ ਮੈਂਬਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਬੁਲਾਰੇ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਸਬੰਧੀ ਪਾਰਟੀ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਲਿਆਂਦਾ ਜਾਵੇਗਾ। ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਫਲਤਾ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਯੋਗਤਾ ਅਤੇ ਜਿੱਤਣ ਦੀ ਸਮਰਥਾ ਹੀ ਉਮੀਦਵਾਰ ਦੀ ਚੋਣ ਵਾਸਤੇ ਸਹੀ ਸੋਚ ਹੈ।