ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਕੋਲੋਂ ਆਪਣੇ ਦਰਿਆਈ ਪਾਣੀਆਂ ਦੀ ਰਾਇਲਟੀ ਹਾਸਲ ਕਰਨ ਲਈ ਚਾਰਾਜੋਈ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਸਰਕਾਰ ਚੰਡੀਗੜ੍ਹ ਯੂਟੀ ਵਿਚਲੇ ਆਪਣੇ 7.19 ਫੀਸਦ ਹਿੱਸੇ ਦੇ ਅਧਿਕਾਰ ਹਾਸਲ ਕਰਨ ਲਈ ਵੀ ਤਿਆਰੀ ਕੱਸ ਰਹੀ ਹੈ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਇਹ ਵੱਡੇ ਐਲਾਨ ਕੀਤੇ ਹਨ। ਸ੍ਰੀ ਠਾਕੁਰ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦਾ ਪਾਣੀ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਤੱਕ  ਜਾਂਦਾ ਹੈ। ਸੁਪਰੀਮ ਕੋਰਟ ਵੱਲੋਂ ਪਾਣੀਆਂ ਦੀ ਰਾਇਲਟੀ ਹਾਸਲ ਕਰਨ ਲਈ ਪਿਛਲੇ ਸਮੇਂ ਦਿੱਤੇ ਫੈਸਲੇ ਤਹਿਤ ਹਿਮਾਚਲ ਸਰਕਾਰ ਖਾਸ ਕਰ ਕੇ ਪੰਜਾਬ ਤੇ ਹਰਿਆਣਾ ਕੋਲੋਂ ਪਾਣੀਆਂ ਦੀ ਰਾਇਲਟੀ ਹਾਸਲ ਕਰਨ ਲਈ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਆਦਿ ਨਾਲ ਗੱਲਬਾਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਹਰਿਆਣਾ ਦੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨਾਲ ਗੱਲ ਕੀਤੀ ਜਾ ਚੁੱਕੀ ਹੈ ਅਤੇ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣਾ ਚਾਹੁੰਦੇ ਸਨ ਪਰ ਉਹ ਇਥੇ ਨਹੀਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਪੰਜਾਬ ਅਤੇ ਹਰਿਆਣਾ ਤੋਂ ਪਾਣੀਆਂ ਦੀ ਰਾਇਲਟੀ ਹਾਸਲ ਕਰਨ ਲਈ ਕਿਸੇ ਤਰ੍ਹਾਂ ਦਾ ਅੰਦੋਲਨ ਵਗੈਰਾ ਨਹੀਂ ਕਰਨਗੇ ਕਿਉਂਕਿ ਇਨ੍ਹਾਂ ਦੋਵਾਂ ਰਾਜਾਂ ਨਾਲ ਹਿਮਾਚਲ ਦੇ ਵਧੀਆ ਸਬੰਧ ਹਨ। ਉਹ ਪਹਿਲਾਂ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਕੋਲ ਇਹ ਮੁੱਦਾ ਉਠਾਉਣਗੇ ਅਤੇ ਜੇ ਕੋਈ ਹੱਲ ਨਾ ਨਿਕਲਿਆ ਤਾਂ ਸੁਪਰੀਮ ਕੋਰਟ ਵੱਲੋਂ ਇਸ ਸਬੰਧੀ ਦਿੱਤੇ ਫੈਸਲੇ ਤਹਿਤ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਪੰਜਾਬ ਸਰਕਾਰ ਪਹਿਲਾਂ ਹੀ ਰਾਜਸਥਾਨ ਅਤੇ ਦਿੱਲੀ ਤੋਂ ਆਪਣੇ ਪਾਣੀਆਂ ਦੀ ਰਾਇਲਟੀ ਮੰਗ ਰਹੀ ਹੈ। ਸ੍ਰੀ ਠਾਕੁਰ ਨੇ ਕਿਹਾ ਕਿ ਕਿਸੇ ਵੇਲੇ ਹਿਮਾਚਲ ਸਾਂਝੇ ਪੰਜਾਬ ਦਾ ਹੀ ਹਿੱਸਾ ਸੀ ਅਤੇ ਵੰਡ ਹੋਣ ਵੇਲੇ ਕੁਝ ਗੱਲਾਂ ਤੈਅ ਹੋਈਆਂ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਚੰਡੀਗੜ੍ਹ ਉਪਰ ਹਿਮਾਚਲ ਦਾ 7.19 ਫੀਸਦ ਹਿੱਸਾ ਮਿਥਿਆ ਗਿਆ ਸੀ ਜਿਸ ਕਾਰਨ ਉਹ ਚੰਡੀਗੜ੍ਹ ਉਪਰਲੇ ਆਪਣੇ ਸੂਬੇ ਦੇ ਹੱਕ ਨੂੰ ਵੀ ਹਾਸਲ ਕਰਨ ਲਈ ਮੁੜ ਯਤਨ ਵਿੱਢਣਗੇ। ਸ੍ਰੀ ਠਾਕੁਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਯੂਟੀ ਚੰਡੀਗੜ੍ਹ ਵਿਚ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਵੀ ਡੈਪੂਟੇਸ਼ਨ ਕੋਟਾ ਨਿਰਧਾਰਤ ਹੈ ਪਰ ਲੰਮੇਂ ਸਮੇਂ ਤੋਂ ਯੂਟੀ ਵਿਚ ਹਿਮਾਚਲ ਦੇ ਕੋਟੇ ਅਨੁਸਾਰ ਮੁਲਾਜ਼ਮ ਨਹੀਂ ਲਏ ਜਾ ਰਹੇ ਅਤੇ ਉਹ ਇਹ ਮੁੱਦਾ ਵੀ ਸਬੰਧਤ ਧਿਰ ਕੋਲ ਉਠਾਉਣਗੇ। ਦੱਸਣਯੋਗ ਹੈ ਕਿ ਪੰਜਾਬ ਮੁੜ ਗਠਨ ਐਕਟ- 1966 ਤਹਿਤ ਯੂਟੀ ਚੰਡੀਗੜ੍ਹ ਵਿਚ ਪੰਜਾਬ ਤੇ ਹਰਿਆਣਾ ਦਾ 60 ਤੇ 40 ਫੀਸਦ ਡੈਪੂਟੇਸ਼ਨ ਕੋਟਾ ਹੈ ਪਰ ਪਿਛਲੇ ਲੰਮੇਂ ਤੋਂ ਇਸ ਨੂੰ ਖੋਰ ਕੇ ਨਾਂਮਾਤਰ ਕਰ ਦਿੱਤਾ ਹੈ। ਮੁੱਖ ਮੰਤਰੀ ਸ੍ਰੀ ਠਾਕੁਰ ਨੇ ਕਿਹਾ ਕਿ ਇਸੇ ਤਰਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵਿਚ ਆਪਣੇ ਸੂਬੇ ਦੇ ਹੱਕਾਂ ਦਾ ਮੁੱਦਾ ਵੀ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਮਲਾ ਤੋਂ ਚੰਡੀਗੜ੍ਹ ਤਕ ਸੜਕ ਨੂੰ ਜਲਦ ਹੀ ਚਾਰ ਮਾਰਗੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਿਮਲਾ ਸਮੇਤ ਹੋਰ ਥਾਵਾਂ ’ਤੇ ਹਵਾਈ ਅੱਡੇ ਬੜੇ ਛੋਟੇ ਹਨ ਅਤੇ ਇਨ੍ਹਾਂ ਨੂੰ ਵੱਡਾ ਰੂਪ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੂਬੇ ਵਿਚ 5 ਨਵੇਂ ਹੈਲੀਪੈਡ ਬਣਾਏ ਜਾ ਰਹੇ ਹਨ। ਰੇਲਵੇ ਨੈੱਟਵਰਕ ਵਿਸ਼ਾਲ ਕਰਨ ਲਈ ਵੀ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਰੋਹਤਾਂਗ ਸੁਰੰਗ ਨੂੰ ਇਕ ਸਾਲ ਵਿਚ ਟਰੈਫਿਕ ਲਈ ਚਾਲੂ ਕਰ ਦਿੱਤਾ ਜਾਵੇਗਾ। ਸ੍ਰੀ ਠਾਕੁਰ ਨੇ ਕਿਹਾ ਕਿ ਉਹ ਚਾਰ ਵਾਰ ਵਿਧਾਇਕ ਅਤੇ ਇਕ ਵਾਰ ਮੰਤਰੀ ਰਹਿ ਚੁੱਕੇ ਹਨ ਅਤੇ ਪਾਰਟੀ ਦੇ ਹੇਠਲੇ ਤੋਂ ਲੈ ਕੇ ਸਿਖਰਲੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਵੀ ਨਿਭਾ ਚੁੱਕੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਦੀ ਕੁਰਸੀ ਸਾਂਭਦਿਆਂ ਹੀ ਸਭ ਤੋਂ ਪਹਿਲਾਂ ਨੌਕਰੀਆਂ ਵਿਚ ਵਾਧੇ ਲੈ ਕੇ ਪ੍ਰਸ਼ਾਸਨ ਉਪਰ ਗਲਬਾ ਕਾਇਮ ਕਰੀਂ ਬੈਠੇ ਸਿਆਸੀ ਆਗੂਆਂ ਦੇ ਚਹੇਤਿਆਂ ਨੂੰ ਘਰ ਦਾ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਵਾਂਗ ਬਦਲੇ ਦੀ ਰਾਜਨੀਤੀ ਕਰਨ ਦੇ ਹੱਕ ਵਿਚ ਨਹੀਂ ਹਨ ਪਰ ਪਿਛਲੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਸਰਕਾਰ ਦੌਰਾਨ ਵੱਖ-ਵੱਖ ਵਿਭਾਗਾਂ ਵਿਚ ਹੋਈਆਂ ਗੜਬੜੀਆਂ ਦੇ ਮਾਮਲਿਆਂ ਦੀ ਜਾਂਚ ਜ਼ਰੂਰ ਕਰਵਾਉਣਗੇ।