ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀਆਂ ਅਤੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਨੇ ਸਟੱਡੀ ਵੀਜ਼ਿਆਂ ਵਿੱਚ 40 ਫੀਸਦੀ ਦੀ ਕਟੌਤੀ ਕੀਤੀ ਹੈ। ਸਭ ਤੋਂ ਵੱਧ ਬਦਲਾਅ ਉਨ੍ਹਾਂ ਕਾਲਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੋ ਪੰਜਾਬੀਆਂ ਦੀ ਪਸੰਦ ਸਨ। ਇੱਥੋਂ ਤੱਕ ਕਿ ਕਈ ਕਾਲਜਾਂ ਨੇ ਸਟਾਫ ਦੀ ਛਾਂਟੀ ਅਤੇ ਕੋਰਸ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ।

ਟੋਰਾਂਟੋ, ਓਨਟਾਰੀਓ ਵਿੱਚ ਸੈਂਟੀਨਿਅਲ ਕਾਲਜ ਨੇ ਘੋਸ਼ਣਾ ਕੀਤੀ ਹੈ ਕਿ ਇਹ 2025 ਦੇ ਗਰਮੀਆਂ ਅਤੇ ਸਰਦੀਆਂ ਦੇ ਸਮੈਸਟਰਾਂ ਦੇ ਨਾਲ-ਨਾਲ 2026 ਦੇ ਪਤਝੜ ਲਈ 49 ਫੁੱਲ-ਟਾਈਮ ਪ੍ਰੋਗਰਾਮਾਂ ਵਿੱਚ ਨਵੇਂ ਦਾਖਲਿਆਂ ਨੂੰ ਰੋਕ ਦੇਵੇਗਾ। ਇਨ੍ਹਾਂ ਵਿੱਚ ਪੱਤਰਕਾਰੀ, ਵਿੱਤੀ ਯੋਜਨਾਬੰਦੀ, ਤਕਨਾਲੋਜੀ ਫਾਊਂਡੇਸ਼ਨ ਅਤੇ ਹੋਰ ਵਿਕਾਸਸ਼ੀਲ ਕੋਰਸ ਸ਼ਾਮਿਲ ਹਨ।

ਕਾਲਜ ਦੀਆਂ ਇਨ੍ਹਾਂ ਤਬਦੀਲੀਆਂ ਕਾਰਨ ਵਿਦਿਆਰਥੀਆਂ, ਕਾਲਜ ਸਟਾਫ਼ ਤੇ ਹੋਰ ਮੁਲਾਜ਼ਮਾਂ ’ਤੇ ਇਸ ਦਾ ਡੂੰਘਾ ਅਸਰ ਪਵੇਗਾ। ਹਾਲਾਂਕਿ, ਕਾਲਜ ਨੇ ਕਿਹਾ ਕਿ ਨਵੇਂ ਵਿਦਿਆਰਥੀਆਂ ਲਈ 128 ਫੁੱਲ-ਟਾਈਮ ਪ੍ਰੋਗਰਾਮ ਅਜੇ ਵੀ ਉਪਲਬਧ ਹਨ ਅਤੇ ਜੋ ਪ੍ਰੋਗਰਾਮ ਰੋਕੇ ਗਏ ਹਨ, ਉਹ ਭਵਿੱਖ ਵਿੱਚ ਦੁਬਾਰਾ ਸ਼ੁਰੂ ਕੀਤੇ ਜਾ ਸਕਦੇ ਹਨ। ਐਲਗੋਨਕੁਇਨ ਕਾਲਜ ਨੇ ਕਿਹਾ ਕਿ ਉਹ 2026 ਵਿੱਚ ਪਰਥ ਸ਼ਹਿਰ ਵਿੱਚ ਆਪਣੇ ਕਾਲਜ ਕੈਂਪਸ ਨੂੰ ਬੰਦ ਕਰ ਦੇਵੇਗਾ। ਕਾਲਜ ਦੇ ਇਸ ਬਿਆਨ ਤੋਂ ਬਾਅਦ ਪਰਥ ਦੀ ਮੇਅਰ ਜੂਡੀ ਬਰਾਊਨ ਨੇ ਕਿਹਾ ਕਿ ਇਸ ਨਾਲ ਸਥਾਨਿਕ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ।

ਇਸ ਤੋਂ ਇਲਾਵਾ, ਸ਼ੈਰੀਡਨ ਕਾਲਜ ਨੇ 40 ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਸੇਨੇਕਾ ਕਾਲਜ ਨੇ ਆਪਣੇ ਮਾਰਖਮ ਓਨਟਾਰੀਓ ਕੈਂਪਸ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਮੋਹੌਕ ਕਾਲਜ ਨੇ 2025 ਤੱਕ ਆਪਣੇ 20 ਪ੍ਰਤੀਸ਼ਤ ਪ੍ਰਸ਼ਾਸਕੀ ਸਟਾਫ਼ ਦੀ ਛਾਂਟੀ ਕਰਨ ਅਤੇ 16 ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।