ਸੰਗਰੂਰ, 28 ਮਈ
ਸਾਂਝੀ ਖੇਤੀ ਲਈ ਦਲਿਤ ਪਰਿਵਾਰਾਂ ਨੂੰ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਨਾ ਦੇਣ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਡੰਮੀ ਬੋਲੀਆਂ ਖ਼ਿਲਾਫ਼ ਸੈਂਕੜੇ ਦਲਿਤ ਮਜ਼ਦੂਰ ਔਰਤਾਂ ਵਲੋਂ ਡੀਸੀ ਦਫ਼ਤਰ ਦਾ ਘਿਰਾਓ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਰੋਸ ਮਾਰਚ ਕਰਦਿਆਂ ਇਥੇ ਦਫ਼ਤਰ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਡੰਮੀ ਬੋਲੀਆਂ ਰੱਦ ਕਰਨ ਅਤੇ ਸਾਂਝੀ ਖੇਤੀ ਲਈ ਘੱਟ ਰੇਟ ’ਤੇ ਜ਼ਮੀਨਾਂ ਦੇਣ ਦਾ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਦਿਆਂ ਅਗਲੇ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ।
ਗਰਮੀ ਦੇ ਬਾਵਜੂਦ ਵੱਖ-ਵੱਖ ਪਿੰਡਾਂ ਤੋਂ ਸੈਂਕੜੇ ਦਲਿਤ ਮਜ਼ਦੂਰ ਔਰਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਝੰਡੇ ਹੇਠ ਡੀਸੀ ਕੰਪਲੈਕਸ ਅੱਗੇ ਪੁੱਜੀਆਂ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਦਲਿਤ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਪ੍ਰਦਰਸ਼ਨ ਕੀਤਾ ਗਿਆ ਅਤੇ ਡੀਸੀ ਕੰਪਲੈਕਸ ਅੱਗੇ ਰੋਸ ਧਰਨਾ ਦਿੱਤਾ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਨੇ ਦੋਸ਼ ਲਾਇਆ ਕਿ ਕਰੋਨਾ ਓਟ ਵਿਚ ਦਲਿਤ ਪਰਿਵਾਰਾਂ ਤੋਂ ਪੰਚਾਇਤੀ ਜ਼ਮੀਨਾਂ ਖੋਹਣ ਲਈ ਰੇਟ ਵਧਾ ਕੇ ਡੰਮੀ ਬੋਲੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਵਫ਼ਦ ਵਲੋਂ ਡੀਡੀਪੀਓ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਧਰਨੇ ਨੂੰ ਬਿੱਕਰ ਸਿੰਘ ਹਥੋਆ, ਜਗਤਾਰ ਸਿੰਘ ਤੋਲੇਵਾਲ, ਹਰਬੰਸ ਕੌਰ ਕੁਲਾਰਾਂ, ਚਮਕੌਰ ਸਿੰਘ ਘਰਾਚੋਂ, ਗੁਰਦਾਸ ਸਿੰਘ ਜਲੂਰ, ਗੁਰਦੀਪ ਧੰਦੀਵਾਲ ਨੇ ਸੰਬੋਧਨ ਕੀਤਾ।