ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਹਾਈ ਕੋਰਟ ਦਾ ਦਖ਼ਲ ਮੰਗਿਆ
ਜਲੰਧਰ, 27 ਅਗਸਤ
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਇਕਾਈ ਦੀ ਮੀਟਿੰਗ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ ਪੰਚਕੂਲਾ ਸਣੇ ਹੋਰ ਥਾਵਾਂ ’ਤੇ ਕੀਤੀ ਹਿੰਸਾ ਦੀ ਨਿਖੇਧੀ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ’ਤੇ ਹਮਲਿਆਂ ਦੀ ਵੀ ਨਿੰਦਾ ਕੀਤੀ ਗਈ। ਇਸ ਗੰਭੀਰ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦਖ਼ਲ ਦੇਣ ਦੀ ਮੰਗ ਕਰਦਿਆਂ ਪ੍ਰੈੱਸ ਕਲੱਬ ਨੇ ਕਿਹਾ ਕਿ ਇਸ ਗੱਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਕਿ ਉਨ੍ਹਾਂ ਗੱਡੀਆਂ ਤੇ ਸਕੂਟਰ ਮੋਟਰਸਾਈਕਲਾਂ ਨੂੰ ਹੀ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਉੱਪਰ ‘ਪ੍ਰੈੱਸ’ ਲਿਖਿਆ ਹੋਇਆ ਸੀ।
ਉਨ੍ਹਾਂ ਕਿਹਾ ਕਿ ਇੱਥੋਂ ਦੇ ਇੱਕ ਟੀ.ਵੀ. ਚੈਨਲ ਦੀ ਟੀਮ ਦੇ ਦੋ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਦੀ ਗੱਡੀ ਨੂੰ ਅੱਗ ਲਾ ਦਿੱਤੀ ਗਈ। ਦੋਵੇਂ ਪੱਤਰਕਾਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਮੌਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਰੁੱਧ ਸ਼ੁਰੂਆਤੀ ਦੌਰ ਵਿੱਚ ਪੂਰਾ ਸੱਚ ਸਾਹਮਣੇ ਲਿਆਉਣ ਵਾਲੇ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮਾਮਲੇ ਵਿੱਚ ਪੀੜਤ ਸਾਧਵੀਆਂ, ਜਿਨ੍ਹਾਂ ਨੇ ਦਲੇਰੀ ਨਾਲ ਕੇਸ ਲੜਿਆ, ਨੂੰ ਵੀ ਸਲਾਮ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਲੱਬ ਵੱਲੋਂ ਪਾਸ ਕੀਤੇ ਮਤੇ ਵਿੱਚ ਹਰਿਆਣਾ ਸਰਕਾਰ ਤੇ ਖ਼ਾਸ ਕਰ ਕੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਤਿੱਖੀ ਆਲੋਚਨਾ ਕੀਤੀ ਗਈ, ਜਿਨ੍ਹਾਂ ਨੇ ਸਮਾਂ ਰਹਿੰਦਿਆਂ ਹਾਲਾਤ ’ਤੇ ਕਾਬੂ ਨਹੀਂ ਪਾਇਆ। ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਢਿੱਲਮੱਠ ਕਾਰਨ ਹੀ ਵੱਡੀ ਪੱਧਰ ’ਤੇ ਸਾੜ ਫੂਕ ਹੋਈ ਤੇ 32 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਸੇ ਦੌਰਾਨ ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜਲੰਧਰ ਇਕਾਈ ਵੱਲੋਂ ਵੀ ਪੰਚਕੂੁਲਾ ਕਾਂਡ ਦੀ ਨਿੰਦਾ ਕੀਤੀ ਗਈ ਤੇ ਪੱਤਰਕਾਰਾਂ ਲਈ ਮੁਆਵਜ਼ਾ ਮੰਗਿਆ ਗਿਆ।
ਭੋਗਪੁਰ : ਪ੍ਰੈੱਸ ਕਲੱਬ ਭੋਗਪੁਰ ਦੀ ਮੀਟਿੰਗ ਸਥਾਨਕ ਅਰਾਮ ਘਰ ਵਿੱਚ ਹੋਈ, ਜਿਸ ਦੀ ਪ੍ਰਧਾਨਗੀ ਗੁਰਮੀਤ ਸਿੰਘ ਹੰਸ ਨੇ ਕੀਤੀ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ ਸਰਕਾਰ ਪੰਚਕੂਲਾ, ਸਿਰਸਾ ਤੇ ਹੋਰ ਸ਼ਹਿਰਾਂ ਵਿੱਚ ਭੜਕੀ ਹਿੰਸਾ ਦੌਰਾਨ ਪੱਤਰਕਾਰਾਂ ’ਤੇ ਕੀਤੇ ਹਮਲਿਆਂ ਨਾਲ ਹੋਏ ਜਾਨੀ-ਮਾਲੀ ਨੁਕਸਾਨ ਦੀ ਤੁਰੰਤ ਭਰਪਾਈ ਕਰੇ। ਦੂਜੇ ਮਤੇ ਵਿੱਚ ਕਿਹਾ ਗਿਆ ਕਿ ਸਰਕਾਰ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ।