ਪੰਚਕੂਲਾ, ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਅੱਜ ਪੁਲੀਸ ਨੇ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਦਾ ਛੇ ਦਿਨ ਲਈ ਪੁਲੀਸ ਰਿਮਾਂਡ ਦਿੱਤਾ। ਰਿਮਾਂਡ ਮਿਲਣ ਪਿੱਛੋਂ ਉਸ ਦਾ ਸੈਕਟਰ-6 ਦੇ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਮਗਰੋਂ ਸੈਕਟਰ 23 ਚੰਡੀਮੰਦਰ ਥਾਣੇ ਲੈ ਜਾਇਆ ਗਿਆ।
ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਇੰਚਾਰਜ ਏਸੀਪੀ ਮੁਕੇਸ਼ ਮਲਹੋਤਰਾ ਤੇ ਮਹਿਲਾ ਪੁਲੀਸ ਇੰਸਪੈਕਟਰ ਨੇਹਾ ਚੌਹਾਨ ਦੀ ਅਗਵਾਈ ਵਿੱਚ ਪੁਲੀਸ ਨੇ ਅੱਜ ਬਾਅਦ ਦੁਪਹਿਰ 2:35 ਵਜੇ ਹਨੀਪ੍ਰੀਤ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਹਾਜ਼ਰੀ ਦੌਰਾਨ ਉਹ ਹੱਥ ਜੋੜ ਕੇ ਖੜ੍ਹੀ ਰਹੀ ਅਤੇ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਉਸ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ। ਹਨੀਪ੍ਰੀਤ ਦੇ ਵਕੀਲ ਨੇ ਦੱਸਿਆ ਕਿ ਪੁਲੀਸ ਨੇ ਅਦਾਲਤ ਵਿੱਚ ਜਿਹੜੀ ਅਰਜ਼ੀ ਲਾਈ, ਉਸ ਵਿੱਚ 14 ਦਿਨ ਦਾ ਰਿਮਾਂਡ ਇਸ ਕਰ ਕੇ ਮੰਗਿਆ ਗਿਆ ਸੀ ਕਿ ਪੁਲੀਸ ਨੇ ਹਨੀਪ੍ਰੀਤ ਕੋਲੋਂ ਉਹ ਮੋਬਾਈਲ ਪ੍ਰਾਪਤ ਕਰਨਾ ਹੈ, ਜਿਸ ਤੋਂ 25 ਅਗਸਤ 2017 ਨੂੰ ਪੰਚਕੂਲਾ ਵਿੱਚ ਡੇਰਾ ਸਿਰਸਾ ਮੁਖੀ ਦੀ ਪੇਸ਼ੀ ਦੌਰਾਨ ਡੇਰੇ ਦੇ ਬਾਕੀ ਅਹੁਦੇਦਾਰਾਂ ਨਾਲ ਗੱਲ ਹੋਈ। ਪੁਲੀਸ ਨੇ ਤਰਕ ਦਿੱਤਾ ਕਿ ਮੁਲਜ਼ਮ ਤੋਂ ਉਨ੍ਹਾਂ ਥਾਵਾਂ ਤੇ ਮਦਦਗਾਰਾਂ ਬਾਰੇ ਪਤਾ ਕਰਨਾ ਹੈ, ਜਿੱਥੇ ਉਹ ਆਪਣੀ ਫਰਾਰੀ ਦੌਰਾਨ ਠਹਿਰੀ। ਹਨੀਪ੍ਰੀਤ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਦੀ ਦਲੀਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਹਨੀਪ੍ਰੀਤ ਨੂੰ ਸਿਰਫ਼ ਸਿਆਸੀ ਕਾਰਨਾਂ ਕਰ ਕੇ ਫਸਾਇਆ ਜਾ ਰਿਹਾ ਹੈ ਅਤੇ ਪੁਲੀਸ ਕੋਲ ਕੋਈ ਠੋਸ ਸਬੂਤ ਨਹੀਂ ਹਨ। ਇਸ ਉਤੇ ਹਨੀਪ੍ਰੀਤ ਦਾ ਸਿਰਫ਼ ਛੇ ਦਿਨ ਦਾ ਰਿਮਾਂਡ ਦਿੱਤਾ ਗਿਆ।
ਪੌਣਾ ਘੰਟਾ ਚੱਲੀ ਸੁਣਵਾਈ ਦੌਰਾਨ ਹਨੀਪ੍ਰੀਤ ਅਤੇ ਉਸ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਬਾਪ-ਬੇਟੀ ਦੇ ਰਿਸ਼ਤੇ ਨੂੰ ਕੁਝ ਲੋਕਾਂ ਵੱਲੋਂ ਤਾਰ-ਤਾਰ ਕੀਤਾ ਗਿਆ ਹੈ, ਜਿਸ ਕਾਰਨ ਹਨੀਪ੍ਰੀਤ ਦੀ ਬਦਨਾਮੀ ਹੋਈ ਹੈ ਅਤੇ ਉਹ ਤਣਾਅ ਵਿੱਚ ਹੈ। ਮੁਲਜ਼ਮ ਦੇ ਵਕੀਲਾਂ ਨੇ ਇਹ ਵੀ ਕਿਹਾ ਕਿ ਪੁਲੀਸ ਕੋਲ ਕੋਈ ਖਾਸ ਦਲੀਲ ਨਹੀਂ, ਜਿਸ ਲਈ ਉਸ ਨੂੰ 14 ਦਿਨ ਦਾ ਰਿਮਾਂਡ ਦਿੱਤਾ ਜਾਵੇ। ਜੱਜ ਨੇ ਅੱਜ ਸੁਣਵਾਈ ਦੌਰਾਨ ਹੁਕਮ ਦਿੱਤੇ ਕਿ ਹਨੀਪ੍ਰੀਤ ਦੀ ਰੋਜ਼ਾਨਾ ਮੈਡੀਕਲ ਜਾਂਚ ਕਰਵਾਈ ਜਾਵੇ।