ਪਿਛਲੇ ਦਿਨੀਂ ਉਤਰਾਖੰਡ ਸੂਬੇ ਦੇ ਇਤਿਹਾਸਕਾਰ ਗੁਰਦੁਆਰੇ ਨਾਨਕ ਮਤਾ ਵਿੱਚ ਉੱਥੇ ਦੇ ਮੁੱਖ ਪ੍ਰਬੰਧਕ ਬਾਬਾ ਤਰਸੇਮ ਸਿੰਘ ਨੂੰ ਦੋ ਸਿੱਖ ਨੌਜਵਾਨਾਂ ਵਲੋ ਦਿਨ-ਦਿਹਾੜੇ ਗੁਰਦੁਆਰੇ ਦੀ ਹਦੂਦ ਅੰਦਰ ਕਤਲ ਕਰ ਦਿੱਤਾ ਸੀ। ਜਿਸ ਬਾਰੇ ਕਿਹਾ ਗਿਆ ਸੀ ਕਿ ਉਸਨੇ ਗੁਰਦੁਆਰੇ ਦੀ ਹਦੂਦ ਅੰਦਰ ਸਰਕਾਰੀ ਫੰਕਸ਼ਨ ਵਿੱਚ ਲੜਕੀਆਂ ਦਾ ਡਾਂਸ ਕਰਵਾਇਆ ਸੀ, ਇਸ ਲਈ ਸਿੰਘਾਂ ਨੇ ਖਾਲਸਈ ਰਵਾਇਤਾਂ ਅਨੁਸਾਰ ਮੱਸੇ ਰੰਗੜ ਵਾਂਗ ਬਾਬੇ ਦਾ ਸੋਧਾ ਲਗਾ ਦਿੱਤਾ। ਸਿੱਖਾਂ ਦੇ ਇੱਕ ਵੱਡੇ ਵਰਗ ਵੱਲੋਂ ਦੇਸ਼-ਵਿਦੇਸ਼ ਵਿੱਚ ਇਸ ਕਾਰਵਾਈ ਤੇ ਬੜੀ ਖੁਸ਼ੀ ਵੀ ਮਨਾਈ ਸੀ। ਇੱਥੋਂ ਤੱਕ ਕਿ ਇੱਕ ਬਜ਼ੁਰਗ ਸਿੱਖ ਵਿਦਵਾਨ ਤੇ ਲੀਡਰ ਹਰਦੀਪ ਸਿੰਘ ਡਿਬਡਿਬਾ ਨੇ ਤਾਂ ਇਹ ਵੀ ਕਹਿ ਦਿੱਤਾ ਸੀ, ਨੌਜਵਾਨਾਂ ਦੀ ਇਸ ਕਾਰਵਾਈ ਨੇ ਸਾਬਿਤ ਕਰ ਦਿੱਤਾ ਕਿ ਸਿੱਖ ਨੌਜਵਾਨਾਂ ਵਿੱਚ ਅਜੇ ਸਿੱਖੀ ਅਣਖ ਜ਼ਿੰਦਾ ਹੈ। ਕਤਲ ਕਰਨ ਵਾਲ਼ੇ ਦੋ ਨੌਜਵਾਨਾਂ ਵਿੱਚੋਂ ਇੱਕ ਪੁਲਿਸ ਮੁਕਾਬਲੇ ਵਿੱਚ ਮਾਰਿਆ ਜਾ ਚੁੱਕਾ ਹੈ ਅਤੇ ਪੁਲਿਸ ਦੂਜੇ ਮਗਰ ਲੱਗੀ ਹੋਈ ਹੈ।

ਯਾਦ ਰਹੇ ਕਿ ਗੁਰਦੁਆਰੇ ਦੇ ਬਾਹਰ ਐਂਟਰੈਂਸ ‘ਤੇ ਮੁੱਖ ਮੰਤਰੀ ਦੀ ਆਮਦ ‘ਤੇ ਹੋਏ ਸਮਾਗਮ ਵਿੱਚ ਲੜਕੀਆਂ ਵੱਲੋਂ ਉਤਰਾਖੰਡ ਦੇ ਪਹਾੜੀ ਕਲਚਰ ਨਾਲ਼ ਸਬੰਧਤ ਇੱਕ ਡਾਂਸ ਪੇਸ਼ ਕੀਤਾ ਸੀ। ਜਿਸਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕਮੇਟੀ ਨੇ ਗਲਤ ਕਰਾਰ ਦਿੱਤਾ ਅਤੇ ਬਾਬੇ ਸਮੇਤ ਕਮੇਟੀ ਮੈਂਬਰਾਂ ਨੂੰ ਪ੍ਰਚੱਲਤ ਸਿੱਖ ਰਵਾਇਤ ਅਨੁਸਾਰ ਧਾਰਮਿਕ ਸਜ਼ਾ ਲਗਾਈ ਗਈ, ਜਿਸਨੂੰ ਸਭ ਨੇ ਭੁਗਤਿਆ ਤਾਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੱਲੋਂ ਬਰੀ ਕਰ ਦਿੱਤਾ ਗਿਆ। ਹੁਣ ਜਦੋਂ ਦੋ ਨੌਜਵਾਨਾਂ ਨੇ ਆਪਣੀ ਮਰਜੀ ਨਾਲ਼ ਸਜ਼ਾ ਭੁਗਤ ਚੁੱਕੇ ਵਿਅਕਤੀਆਂ ਵਿੱਚੋਂ ਬਾਬੇ ਨੂੰ ਦੁਸ਼ਟ ਤੇ ਮੱਸਾ ਰੰਗੜ ਦੱਸ ਕੇ ਕਤਲ ਕਰ ਦਿੱਤਾ ਤਾਂ ਨਾ ਅਕਾਲ ਤਖ਼ਤ, ਨਾ ਸ਼੍ਰੋਮਣੀ ਕਮੇਟੀ, ਨਾ ਅਕਾਲੀ ਦਲ, ਨਾ ਕੋਈ ਵਿਦਵਾਨ ਜਾਂ ਸਿੱਖ ਜਥੇਬੰਦੀ ਇਸ ਕਾਰਵਾਈ ਵਿਰੁੱਧ ਬੋਲੀ। ਕੀ ਉਨ੍ਹਾਂ ਦਾ ਫਰਜ ਨਹੀ ਬਣਦਾ ਸੀ ਕਿ ਜਦੋਂ ਪੰਥ ਦੀ ਸਰਬ ਉੱਚ ਅਦਾਲਤ ਤੋਂ ਕਥਿਤ ਦੋਸ਼ੀ ਭੁਗਤ ਚੁੱਕੇ ਸਨ ਤਾਂ ਇਸ ਵਿਰੁੱਧ ਬੋਲਦੇ? ਕੀ ਇਹ ਸਾਡੀ ਸਰਬ ਉੱਚ ਅਦਾਲਤ ਦਾ ਅਪਮਾਨ ਨਹੀਂ ਸੀ? ਸਾਡੇ ਲੀਡਰ ਕਦੋਂ ਤੱਕ ਗੈਰ ਕਨੂੰਨੀ ਹਿੰਸਾ ਨੂੰ ਸ਼ਹਿ ਦਿੰਦੇ ਰਹਿਣਗੇ?

ਕੀ ਸੋਧੇ ਲਾਉਣ ਦੀਆਂ ਗੈਰ ਕਨੂੰਨੀ ਪ੍ਰੰਪਰਾਵਾਂ ਨਾਲ਼ ਅਸੀ ਆਪਣੇ ਵਿਰੋਧੀਆਂ ਨੂੰ ਸਾਡੇ ਖਿਲਾਫ ਗੈਰ ਕਨੂੰਨੀ ਕੰਮ ਕਰਨ ਦਾ ਸੱਦਾ ਨਹੀ ਦੇ ਰਹੇ? ਕੀ ਦੁਨੀਆਂ ਦਾ ਅਜਿਹਾ ਕੋਈ ਦੇਸ਼ ਹੈ, ਜੋ ਕਿਸੇ ਵਿਅਕਤੀ ਨੂੰ ਕਨੂੰਨ ਵਿਰੁੱਧ ਕਿਸੇ ਧਾਰਮਿਕ ਜਾਂ ਸਮਾਜਿਕ ਪ੍ਰੰਪਰਾ ਨੂੰ ਮਾਨਤਾ ਦਿੰਦੀ ਹੋਵੇ? ਫਿਰ ਅਜਿਹੀਆਂ ਮਰਿਯਾਦਾਵਾਂ ਦੀ ਕੀ ਤੁਕ ਬਣਦੀ ਹੈ? ਇੱਕ ਨੁਕਤਾ ਵਿਚਾਰਨ ਵਾਲ਼ਾ ਇਹ ਹੈ ਕਿ ਜੇ ਕੋਈ ਵਿਅਕਤੀ ਆਪਣੇ ਧਾਰਮਿਕ ਜਾਂ ਸਮਾਜਿਕ ਅਕੀਦੇ ਅਨੁਸਾਰ ਸੋਧੇ ਲਾਉਂਦੇ ਹੈ, ਹਮਲੇ ਕਰਦਾ ਹੈ ਤਾਂ ਫਿਰ ਉਹ ਅਜਿਹੀ ਬਹਾਦਰੀ ਕਰਕੇ ਕਨੂੰਨ ਤੋਂ ਭੱਜਦਾ ਕਿਉਂ ਹੈ? ਸਿੱਖਾਂ ਵਿਚਲਾ ਅਜਿਹਾ ਕੋਈ ਜੋਧਾ ਨਹੀ ਹੋਇਆ, ਜਿਸਨੇ ਆਪ ਪੁਲਿਸ ਜਾਂ ਕੋਰਟ ਵਿੱਚ ਪੇਸ਼ ਹੋ ਕੇ ਕਿਹਾ ਹੋਵੇ ਕਿ ਮੈਂ ਧਾਰਮਿਕ ਪ੍ਰੰਪਰਾ ਅਨੁਸਾਰ ਸੋਧਾਂ ਲਾਇਆ ਹੈ, ਮੈਨੂੰ ਇਸ ‘ਤੇ ਫਖਰ ਹੈ। ਪਹਿਲਾਂ ਅਜਿਹੇ ਜੋਧੇ ਲੁਕਦੇ ਫਿਰਦੇ ਹਨ, ਜਦੋ ਪੁਲਿਸ ਫੜ ਲੈਂਦੀ ਹੈ ਤਾਂ ਬਚਣ ਲਈ ਝੂਠ ਬੋਲੇ ਜਾਂਦੇ ਹਨ, ਵਕੀਲ ਅਜਿਹੇ ਲੋਕਾਂ ਨੂੰ ਮਾਨਸਿਕ ਰੋਗੀ ਸਾਬਿਤ ਕਰਦੇ ਹਨ।

ਜਦੋ ਸਭ ਨੂੰ ਪਤਾ ਹੈ ਕਿ ਮਾਡਰਨ ਵਰਲਡ ਵਿੱਚ ਕਨੂੰਨ ਅੱਗੇ ਕਿਸੇ ਧਾਰਮਿਕ ਜਾਂ ਸਮਾਜਿਕ ਮਰਿਯਾਦਾ ਦੀ ਕੋਈ ਅਹਿਮੀਅਤ ਨਹੀਂ ਤਾਂ ਕੀ ਸਾਡੇ ਵਿਦਵਾਨਾਂ ਦਾ ਫਰਜ ਨਹੀ ਬਣਦਾ ਕਿ ਉਹ ਨੌਜਵਾਨਾਂ ਨੂੰ ਸੇਧ ਦੇਣ ਅਤੇ ਉਨ੍ਹਾਂ ਨੂੰ ਅਜਿਹੀ ਖੁਦਕੁਸ਼ੀ ਦੇ ਰਾਹ ਤੋਂ ਰੋਕਣ। ਪਰ ਸਾਡੇ ਸਵਾਰਥੀ ਤੇ ਮੌਕਾਪ੍ਰਸਤ ਵਿਦਵਾਨ ਅਤੇ ਲੀਡਰ, ਚੁੱਪ ਧਾਰੀ ਬੈਠੇ ਹਨ ਕਿਉਂਕਿ ਅਜਿਹੇ ਹਿੰਸਕ ਤੇ ਕ੍ਰੀਮੀਨਲ ਮਾਈਂਡ ਲੋਕ ਇਨ੍ਹਾਂ ਦੇ ਰਾਸ ਆਉਂਦੇ ਹਨ। ਪਹਿਲਾਂ ਅਜਿਹੇ ਲੋਕ ਨੌਜਵਾਨਾਂ ਨੂੰ ਭੜਕਾਉਂਦੇ ਹਨ, ਫਿਰ ਬੰਦੀ ਸਿੰਘਾਂ ਦਾ ਰੌਲ਼ਾ ਪਾਉਂਦੇ ਹਨ? ਜਦੋ ਇਹ ਨੌਜਵਾਨ ਗੈਰ ਕਨੂੰਨੀ ਕੰਮ ਕਰਦੇ ਹਨ, ਉਦੋਂ ਇਹ ਕਿਉਂ ਨਹੀਂ ਬੋਲਦੇ? ਜਦੋ ਅਸੀ ਗੈਰ ਕਨੂੰਨੀ ਸੋਧਿਆਂ ਜਾਂ ਬੇਅਦਬੀਆਂ ਦੇ ਨਾਮ ‘ਤੇ ਕਤਲਾਂ ਦੇ ਜਸ਼ਨ ਮਨਾਉਂਦੇ ਹਾਂ ਤਾਂ ਫਿਰ ਕੀ ਸਾਨੂੰ ਗੈਰ ਕਨੂੰਨੀ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਰੌਲ਼ਾ ਪਾਉਣ ਦਾ ਕੋਈ ਇਖਲਾਕੀ ਹੱਕ ਰਹਿ ਜਾਂਦਾ ਹੈ?

ਸਾਡੇ ਲੀਡਰਾਂ, ਵਿਦਵਾਨਾਂ, ਪ੍ਰਚਾਰਕਾਂ ਤੇ ਜੋਧਿਆਂ ਨੂੰ ਇਹ ਗੱਲ ਕਦੋਂ ਸਮਝ ਆਵੇਗੀ ਕਿ ਮਾਡਰਨ ਵਰਲਡ ਵਿੱਚ ਕਨੂੰਨ ਸਭ ਤਰ੍ਹਾਂ ਦੀਆਂ ਮਰਿਯਾਦਾਵਾਂ, ਪ੍ਰੰਪਰਾਵਾਂ ਤੋਂ ਉੱਪਰ ਹੈ?

ਹਰਚਰਨ ਸਿੰਘ ਪ੍ਰਹਾਰ