ਚੰਡੀਗੜ੍ਹ, 24 ਜੁਲਾਈ
ਕੈਨੇਡਾ ਸਰਕਾਰ ਵੱਲੋਂ ਓਟਵਾ ਹਵਾਈ ਅੱਡੇ ਤੋਂ ਬੇਰੰਗ ਮੋੜੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ ਅੱਜ ਵਾਪਸ ਪਰਤ ਆਏ ਹਨ। ਇਨ੍ਹਾਂ ਦੋਵਾਂ ਵਿਧਾਇਕਾਂ ਨੂੰ ਕੈਨੇਡਾ ਵਿਚਲੇ ਆਪਣੇ ਪ੍ਰੋਗਰਾਮ ਦੀ ਉਥੋਂ ਦੀ ਸਰਕਾਰ ਨੂੰ ਅਗਾਊਂ ਸੂਚਨਾ ਨਾ ਦੇਣ ਕਾਰਨ ਹਵਾਈ ਅੱਡੇ ਤੋਂ ਹੀ ਵਾਪਸ ਮੋੜਿਆ ਗਿਆ ਹੈ। ਇਸ ਘਟਨਾ ਤੋਂ ਅਜਿਹੇ ਸੰਕੇਤ ਮਿਲੇ ਹਨ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੈਨੇਡਾ ਜਾਣ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇਗਾ। ਇਹ ਨਹੀਂ ਉਥੇ ਹੁਣ ਪਹਿਲਾਂ ਵਾਂਗ ਸਿਆਸੀ ਇਕੱਠ ਕਰਵਾ ਕੇ ਸਨਮਾਨ ਲੈਣੇ ਵੀ ਔਖਾ ਕਾਰਜ ਹੋ ਗਿਆ ਹੈ। ਦੋਵਾਂ ਵਿਧਾਇਕਾਂ ਨੇ ਅੱਜ ਪਰਤਣ ਮਗਰੋਂ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਕੇਸ ਜਾਂ ਸ਼ਿਕਾਇਤ ਕਾਰਨ ਹਵਾਈ ਅੱਡੇ ਤੋਂ ਵਾਪਸ ਨਹੀਂ ਭੇਜਿਆ ਸਗੋਂ ਬਤੌਰ ਵਿਧਾਇਕ ਆਪਣੀ ਯਾਤਰਾ ਦਾ ਅਗਾਊਂ ਪ੍ਰੋਗਰਾਮ ਨਾ ਦੱਸਣ ਕਾਰਨ ਕੈਨੇਡਾ ਵਿੱਚ ਦਾਖ਼ਲਾ ਨਹੀਂ ਦਿੱਤਾ ਗਿਆ। ਉਨ੍ਹਾਂ ਦਾ ਦੌਰਾ ਨਿੱਜੀ ਹੈ ਜਾਂ ਸਿਆਸੀ, ਇਸ ਦੁਚਿੱਤੀ ਕਾਰਨ ਹੀ ਉਨ੍ਹਾਂ ਨੂੰ ਵਾਪਸ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਓਟਵਾ ਹਵਾਈ ਅੱਡੇ ’ਤੇ ਉਨ੍ਹਾਂ ਦੀ ਆਮ ਵਾਂਗ ਇਮੀਗ੍ਰੇਸ਼ਨ ਕਲੀਅਰੈਂਸ  ਹੋ ਗਈ ਸੀ, ਪਰ ਅੱਗੇ ਸਕਿਓਰਿਟੀ ਕਾਊਂਟਰ ’ਤੇ ਜਾ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ ਤੇ ਕੈਨੇਡਾ ਆਉਣ ਦਾ ਮਕਸਦ ਪੁੱਛਿਆ। ਸ੍ਰੀ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਜਾਣਕਾਰੀ ਦਿੱਤੀ ਕਿ ਉਹ ਕੁਝ ਦਿਨ ਇਥੇ ਆਪਣੀ ਭੈਣ ਕੋਲ ਰੁਕਣਗੇ ਅਤੇ ਇਸ ਤੋਂ ਇਲਾਵਾ ਆਪਣੇ ਤਿੰਨ ਦੋਸਤਾਂ ਨੂੰ ਮਿਲਣਗੇ, ਜੋ ਅੱਗੇ ਪ੍ਰੋਗਰਾਮ ਬਣਾਉਣਗੇ। ਸ੍ਰੀ ਸੰਧਵਾਂ ਅਨੁਸਾਰ ਅੱਗੋਂ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੱਸਿਆ ਪ੍ਰੋਗਰਾਮ ਪੁਲੀਸ ਨੂੰ ਮਿਲੀ ਸੂਚਨਾ ਨਾਲ ਮੇਲ ਨਹੀਂ ਖਾਂਦਾ। ਇਸ ਤੋਂ ਇਲਾਵਾ ਪੁਲੀਸ ਅਧਿਕਾਰੀਆਂ ਨੇ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਨੇ ਫੈਮਿਲੀ ਵੀਜ਼ਾ ਲਿਆ ਹੈ ਤਾਂ ਉਹ ਇਕੱਲੇ ਕਿਉਂ ਆਏ ਹਨ। ਸ੍ਰੀ ਸੰਧਵਾਂ ਅਨੁਸਾਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਉਹ (ਵਿਧਾਇਕ) ਪੰਜਾਬ ਵਿਧਾਨ ਸਭਾ ਦੇ ਮੈਂਬਰ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਦੇ ਪ੍ਰੋਗਰਾਮ ਦੀ ਪਹਿਲਾਂ ਸੂਚਨਾ ਦੇਣੀ ਬਣਦੀ ਸੀ। ਸ੍ਰੀ ਸੰਦੋਆ ਨੇ ਦੱਸਿਆ ਕਿ ਉਹ ਅਦਾਲਤ ਤੋਂ ਬਾਕਾਇਦਾ ਇਜਾਜ਼ਤ ਲੈ ਕੇ ਕੈਨੇਡਾ ਗਿਆ ਸੀ ਅਤੇ ਉਸ ਨੂੰ ਕੈਨੇਡਾ ਪੁਲੀਸ ਨੇ ਉਨ੍ਹਾਂ ਦੇ ਕੇਸਾਂ ਬਾਰੇ ਕੁਝ ਨਹੀਂ ਪੁੱਛਿਆ। ਦੋਵਾਂ ਵਿਧਾਇਕਾਂ ਨੇ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਨਾਲ  ਚੰਗਾ ਵਤੀਰਾ ਅਖਤਿਆਰ ਕੀਤਾ ਅਤੇ ਉਨ੍ਹਾਂ ਨੂੰ ਚਾਹ-ਕੌਫੀ ਵੀ ਪੁੱਛੀ ਗਈ।  ਇਸ ਤੋਂ ਇਲਾਵਾ ਉਨ੍ਹਾਂ ਦੀ ਰਿਟਰਨ ਟਿਕਟ ਵਾਲੀ ਏਅਰਲਾਈਨਜ਼ ਵਿਚ   ਹੀ ਸੀਟਾਂ ਦਿਵਾਉਣ ਦਾ ਪ੍ਰਬੰਧ ਵੀ ਪੁਲੀਸ ਨੇ ਹੀ ਕਰਵਾਇਆ ਹੈ। ਉਨ੍ਹਾਂ ਨੂੰ ਵਾਪਸੀ ਟਿਕਟਾਂ ਦਾ ਕੋਈ ਵੱਖਰਾ ਖਰਚਾ ਨਹੀਂ ਪਿਆ।