ਅੰਮ੍ਰਿਤਸਰ, 4 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਉਤੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਅਕਾਲੀ ਆਗੂ ਬਲਦੇਵ ਸਿੰਘ ਸਿਰਸਾ ਨੇ ਦੋਸ਼ ਲਾਇਆ ਕਿ ਵਾਦ ਵਿਵਾਦ ਵਿੱਚ ਫਸਿਆ ਪ੍ਰਧਾਨ ਅਯੋਗ ਹੈ ਅਤੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸ੍ਰੀ ਸਿਰਸਾ ਨੇ ਦੋਸ਼ ਲਾਇਆ ਕਿ 2004 ਵਿੱਚ ਗੁਰਦੁਆਰਾ ਕੈਬੋਵਾਲ ਨੂੰ ਕਿਸੇ ਦਾਨੀ ਸੱਜਣ ਵੱਲੋਂ ਦਾਨ ਕੀਤੀ ਚਾਰ ਏਕੜ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਚੁੱਲੇ (ਲੋਹ ਲੰਗਰ) ਬਾਬਾ ਆਲਾ ਸਿੰਘ ਦੀ ਮਹਿੰਗੇ ਭਾਅ ਦੀ ਜ਼ਮੀਨ ਨਾਲ ਤਬਦੀਲ ਕਰਕੇ ਲਾਹਾ ਲੈਣ ਦਾ ਯਤਨ ਕੀਤਾ ਗਿਆ ਸੀ।  ਉਨ੍ਹਾਂ ਦਾਅਵਾ ਕੀਤਾ ਕਿ ਲੌਂਗੋਵਾਲ ਸ਼ਹਿਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰੇ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ ਜਦੋਂਕਿ ਗੁਰਦੁਆਰਾ ਕੈਬੋਵਾਲ ਨੂੰ ਦਾਨ ਕੀਤੀ ਜ਼ਮੀਨ ਦੀ ਕੀਮਤ ਸਿਰਫ ਲੱਖਾਂ ਰੁਪਏ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਭਾਨ ਸਿੰਘ ਭੌਰਾ ਨਾਂ ਦੇ ਵਿਅਕਤੀ ਨੇ ਇਸ ਬਾਰੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਅੱਗੇ ਪਟੀਸ਼ਨ ਨੰਬਰ 43 ਹੇਠ 30 ਨਵੰਬਰ, 2005 ਨੂੰ ਕੇਸ ਵੀ ਦਾਇਰ ਕੀਤਾ ਸੀ, ਜਿਸ ਦੇ ਆਧਾਰ ’ਤੇ ਜ਼ਮੀਨ ਦੇ ਤਬਾਦਲੇ ’ਤੇ ਰੋਕ ਲਗਾ ਦਿੱਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਅਜੇ ਵੀ ਕਮਿਸ਼ਨ ਦੇ ਵਿਚਾਰ ਅਧੀਨ ਹੈ।
ਇਸ ਬਾਰੇ ਪੱਖ ਲੈਣ ਲਈ ਪ੍ਰਧਾਨ ਭਾਈ ਲੌਂਗੋਵਾਲ ਨਾਲ ਕਈ ਵਾਰ ਸੰਪਰਕ ਕਰਨ ਦਾ ਯਤਨ ਕੀਤਾ ਪਰ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਸੀ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਇਸ ਕੇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।  ਸ੍ਰੀ ਸਿਰਸਾ ਨੇ ਕਿਹਾ ਕਿ ਸ੍ਰੀ ਲੌਂਗੋਵਾਲ ਨੂੰ ਸਿੱਖ ਸੰਸਥਾ ਦੇ ਇਸ ਅਹਿਮ ਅਹੁਦੇ ਤੋਂ ਹਟਾਉਣ ਲਈ ਉਹ ਹਮਖਿਆਲੀ ਜਥੇਬੰਦੀਆਂ ਨਾਲ ਵਿਚਾਰ ਕਰਨਗੇ। ਇਸ ਮੌਕੇ ਬਲਦੇਵ ਸਿੰਘ, ਕਸ਼ਮੀਰ ਸਿੰਘ, ਅਜੀਤ ਸਿੰਘ ਬਾਠ, ਜਸਵੰਤ ਸਿੰਘ ਪਠਾਨਕੋਟ ਤੇ ਹਰਜੀਤ ਸਿੰਘ ਹਾਜ਼ਰ ਸਨ।