ਚੰਡੀਗੜ੍ਹ, 13 ਜੁਲਾਈ: ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਨੇ ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਸਮੁੱਚੇ ਪੰਜਾਬੀਆਂ ਨੂੰ ਨਾ ਕੇਵਲ ਨਿਰਾਸ਼ ਕੀਤਾ ਬਲਕਿ ਪੂਰੀ ਤਰ੍ਹਾਂ ਬੇਉਮੀਦ ਕਰ ਦਿੱਤਾ ਹੈ।

‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਮਲੋਟ ਦੀ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ‘ਗੱਲਾਂ ਦੇ ਕੜਾਹ’ ਤੋਂ ਵੱਧ ਕੁੱਝ ਵੀ ਨਹੀਂ ਸੀ। ਭਗਵੰਤ ਮਾਨ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਜੁਮਲੇਬਾਜ ਸਨ, ਜੁਮਲੇਬਾਜ ਹਨ ਅਤੇ ਜੁਮਲੇਬਾਜ ਰਹਿਣਗੇ, ਇਹ ਗੱਲ ਮਲੋਟ ਦੀ ਰੈਲੀ ‘ਚ ਇੱਕ ਵਾਰ ਫਿਰ ਸਾਬਤ ਹੋ ਗਈ ਹੈ।

ਭਗਵੰਤ ਮਾਨ ਨੇ ਕਿਹਾ ਕਿ ਹੱਦ ਤਾਂ ਇਸ ਗੱਲ ਦੀ ਹੈ ਕਿ ਕਿਸਾਨਾਂ ਕਲਿਆਣ ਰੈਲੀ ‘ਚ ਕਿਸਾਨੀ ਕਰਜ਼ਿਆਂ ਦੀ ਗੱਲ ਤੱਕ ਨਹੀਂ ਕੀਤੀ ਗਈ। ਜਦਕਿ ਪਿਛਲੇ ਇੱਕ ਮਹੀਨੇ ‘ਚ ਕਰੀਬ 50 ਕਿਸਾਨ ਤੇ ਖੇਤ-ਮਜਦੂਰ ਆਰਥਿਕ ਤੰਗੀ ‘ਤੇ ਕਰਜ਼ੇ ਦੇ ਬੋਝ ਕਾਰਨ ਆਤਮ ਹੱਤਿਆਵਾਂ ਕਰ ਚੁੱਕੇ ਹਨ। ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦੇ ਜੁਮਲੇ ਛੱਡ ਗਏ ਪਰੰਤੂ ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਸੰਬੰਧੀ ਪ੍ਰਧਾਨ ਮੰਤਰੀ ਸਾਹਿਬ ਇੱਕ ਸ਼ਬਦ ਤੱਕ ਨਹੀਂ ਬੋਲੇ। ਉਲਟਾ ਸਫ਼ੈਦ ਝੂਠ ਬੋਲ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਵਾਰ ਫ਼ਸਲਾਂ ਦੇ ਮੁੱਲ ਤੈਅ ਕਰਨ ਸਮੇਂ ਸਾਰੇ ਲਾਗਤ ਖ਼ਰਚਿਆਂ ਨੂੰ ਆਧਾਰ ਬਣਾਇਆ ਗਿਆ। ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ ਝੂਠ ਦੀ ਪੋਲ ਉਹ (ਮਾਨ) ਪਾਰਲੀਮੈਂਟ ਦੇ ਅਗਲੇ ਹਫ਼ਤੇ ਸ਼ੁਰੂ ਹੋਣ ਜਾ ਰਹੇ ਸੈਸ਼ਨ ਦੌਰਾਨ ਖੋਲ੍ਹਣਗੇ।

ਭਗਵੰਤ ਮਾਨ ਨੇ ਕਿਹਾ ‘ਮੈ ਕੋਈ ਸਿਆਸੀ ਪੰਡਿਤ ਤਾਂ ਨਹੀਂ ਹਾਂ, ਪਰ ਮੈਨੂੰ ਇਹ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਾਦਲ ਪਰਿਵਾਰ ਵੱਲੋਂ ਆਪਣੇ ਨਿੱਜੀ ਮੁਫਾਦਾਂ ਲਈ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਂ ‘ਤੇ ਆਯੋਜਿਤ ਕੀਤੀ ਗਈ ਮਲੋਟ ਰੈਲੀ ਬਾਦਲ ਪਰਿਵਾਰ ਦਾ ਡੁੱਬ ਰਹੀ ਸਿਆਸੀ ਬੇੜੀ ‘ਚ ਹੋਰ ਵਟਿਆਂ ਦਾ ਕੰਮ ਕਰੇਗੀ, ਕਿਉਂਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਸਮੇਤ ਸਾਰੇ ਵਰਗਾਂ ਨੇ ਬਾਦਲਾਂ ਨੂੰ ਪੁੱਛਣਾ ਹੈ ਕਿ ਜਦੋਂ ਮਲੋਟ ‘ਚ ਪ੍ਰਧਾਨ ਮੰਤਰੀ ਕਿਸਾਨਾਂ ਅਤੇ ਜਵਾਨਾਂ ਦੇ ਨਾਂ ‘ਤੇ ਝੂਠ ਤੇ ਝੂਠ ਤੋਲ ਰਹੇ ਸਨ ਤਾਂ ਤੁਸੀਂ (ਬਾਦਲ ਦਲ) ਕਿਹੜੀ ਮਜਬੂਰੀ ਕਰ ਕੇ ਚੁੱਪ ਬੈਠੇ ਰਹੇ? ਪੰਜਾਬ ਦੇ ਲੋਕ ਪੁੱਛਣਗੇ ਕਿ ਕਿਸਾਨੀ ਕਰਜ਼ਿਆਂ ਅਤੇ ਸਵਾਮੀਨਾਥਨ ਰਿਪੋਰਟ ਤੋਂ ਭੱਜੇ ਪ੍ਰਧਾਨ ਮੰਤਰੀ ਨੂੰ ਸਿਰਫ਼ ‘ਗੁੰਮਰਾਹਕੁੰਨ ਜੁਮਲੇਬਾਜੀ’ ਕਰ ਕੇ ਸਨਮਾਨਿਤ ਕੀਤਾ ਗਿਆ?

ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੇ ਮੁੱਲ 200 ਰੁਪਏ ਪ੍ਰਤੀ ਕਵਿੰਟਲ ਦੇ ਵਾਧੇ ‘ਚ ਵੀ 20 ਰੁਪਏ ਪ੍ਰਤੀ ਕਵਿੰਟਲ ਦਾ ਸਿੱਧਾ ਓਹਲਾ ਹੈ ਕਿਉਂਕਿ ਪੰਜਾਬ ਦੇ ਝੋਨੇ ਦੀਆਂ ਪ੍ਰਚਲਿਤ ਕਿਸਮਾਂ ਲਈ ਇਹ ਵਾਧਾ ਮਹਿਜ਼ 180 ਰੁਪਏ ਪ੍ਰਤੀ ਕਵਿੰਟਲ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਦੌਰਾਨ ਡੀਜ਼ਲ ਪੈਟਰੋਲ ਦੀਆਂ ਕੀਮਤਾਂ ‘ਚ ਵਾਧੇ, ਖੇਤੀ ਸੰਦਾਂ ਤੋਂ ਕੀਟਨਾਸ਼ਕਾਂ ‘ਤੇ ਜੀਐਸਟੀ ਟੈਕਸ, ਬਿਜਲੀ ਤੇ ਲੇਬਰ ਦੀ ਮਹਿੰਗਾਈ ਵਰਗੇ ਕਿੰਨੇ ਹੀ ਪੱਖਾਂ ਕਰ ਕੇ ਝੋਨੇ ਦੇ ਮੁੱਲ ‘ਚ ਇਹ ਵਾਧਾ ਇੱਕ ਛਲਾਵੇ ਤੋਂ ਵੱਧ ਨਹੀਂ ਅਤੇ ਪੰਜਾਬ ਦਾ ਕਿਸਾਨ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ।