ਚੰਡੀਗੜ੍ਹ, 14 ਨਵੰਬਰ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪ੍ਰਦੂਸ਼ਣ ਲਈ ਹਰਿਆਣਾ ਸਿਰ ਭਾਂਡਾ ਭੰਨਣ ਤੋਂ ਵਰਜਿਆ ਹੈ। ਕੇਜਰੀਵਾਲ ਨੇ ਹਾਲ ਹੀ ਵਿੱਚ ਖੱਟਰ ਨੂੰ ਚਿੱਠੀ ਲਿਖ ਕੇ ਦਿੱਲੀ ਵਿੱਚ ਪ੍ਰਦੂਸ਼ਣ ਦਾ ਮਾਮਲਾ ਵਿਚਾਰਨ ਦੀ ਗੁਜ਼ਾਰਿਸ਼ ਕੀਤੀ ਸੀ। ਕੇਜਰੀਵਾਲ ਦੀ ਭਾਸ਼ਾ ਅਤੇ ਹਰਿਆਣਾ ਨੂੰ ਇਸ ਲਈ ਦੋਸ਼ੀ ਠਹਿਰਾਉਣ ’ਤੇ ਖੱਟਰ ਨੇ ਕੇਜਰੀਵਾਲ ਨੂੰ ਸਖ਼ਤੀ ਨਾਲ ਅਜਿਹਾ ਦੋਸ਼ ਲਾਉਣ ਤੋਂ ਵਰਜਿਆ ਹੈ। ਧੁਆਂਖੀ ਫ਼ਿਜ਼ਾ ਕਾਰਨ ਦਿੱਲੀ ਅਤੇ ਕੌਮੀ ਰਾਜਧਾਨੀ ਵਿਚ ਜਨ ਜੀਵਨ ਰੁਕਣ ਦਾ ਹਵਾਲਾ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 8 ਨਵੰਬਰ ਨੂੰ ਚਿੱਠੀ ਲਿਖੀ ਸੀ , ਜਿਸ ਵਿੱਚ ਉਸ ਨੇ ਦਿਲੀ ਦੀ ਫਿਜ਼ਾ ਖਰਾਬ ਹੋਣ ਲਈ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜੇ ਜਾਣ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਤੋਂ ਇਹ ਮਸਲਾ ਵਿਚਾਰਨ ਲਈ ਸਮੇਂ ਦੀ ਮੰਗ ਕੀਤੀ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਇਸ ਦਾ ਜਵਾਬ ਟਵੀਟ ਰਾਹੀਂ ਦਿੰਦਿਆਂ ਕਿਹਾ ਸੀ ਕਿ ਇਹ ਅੰਤਰਰਾਜੀ ਚਰਚਾ ਦਾ ਵਿਸ਼ਾ ਨਹੀਂ ਹੈ, ਇਸ ਨਾਲ ਕੁਝ ਨਹੀਂ ਹੋਵੇਗਾ। ਇਸ ਲਈ ਛੇਤੀ ਤੋਂ ਛੇਤੀ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ। ਇਸੇ ਦੌਰਾਨ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਖੱਟਰ ਜੀ ਨੇ ਉਨ੍ਹਾਂ ਨੂੰ ਬੁਲਾਇਆ ਹੈ। ਉਹ ਦਿੱਲੀ ਵਿੱਚ ਮੰਗਲਵਾਰ ਤਕ ਹਨ ਪਰ ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਮਸਰੂਫ਼ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਆਉਣ ਲਈ ਕਿਹਾ ਹੈ।